ਗੁਰਦੀਪ ਸਿੰਘ ਲਾਲੀ/ਹਰਦੀਪ ਸਿੰਘ ਸੋਢੀ
ਸੰਗਰੂਰ/ਧੂਰੀ, 27 ਮਈ
ਲੋਕ ਸਭਾ ਹਲਕਾ ਸੰਗਰੂਰ ਵਿੱਚ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਬਾਰੇ ਭਾਵੇਂ ‘ਆਪ’ ਵੱਲੋਂ ਹਾਲੇ ਤੱਕ ਕਿਸੇ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਗਿਆ, ਪਰ ਧੂਰੀ ਸ਼ਹਿਰ ਵਿੱਚ ਕਈ ਥਾਵਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਹੱਕ ’ਚ ਲੱਗੇ ਪੋਸਟਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਪੋਸਟਰਾਂ ’ਤੇ ਜਾਰੀ ਕਰਤਾ ਵਾਲੀ ਥਾਂ ਸਮੂਹ ‘ਆਪ’ ਵਾਲੰਟੀਅਰ ਲਿਖਿਆ ਹੋਇਆ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ‘ਸਾਡੀ ਭੈਣ ਬਣੇਗੀ ਸੰਗਰੂਰ ਦੀ ਐੱਮਪੀ’ ਤੇ ‘ਸੰਗਰੂਰ ਦੀ ਆਵਾਜ਼ ਮਨਪ੍ਰੀਤ ਕੌਰ ਇਸ ਬਾਰ’ ਲਿਖੇ ਪੋਸਟਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਜਿਥੇ ਇੱਕ ਪਾਸੇ ਬਹੁਤੇ ‘ਆਪ’ ਸਮਰਥਕਾਂ ਵੱਲੋਂ ਮੁੱਖ ਮੰਤਰੀ ਦੀ ਭੈਣ ਨੂੰ ਲੋਕ ਸਭਾ ਚੋਣ ਲੜਾਉਣ ਦਾ ਸਮਰਥਨ ਕਰਦੇ ਹੋਏ ਮਨਪ੍ਰੀਤ ਕੌਰ ਨੂੰ ਟਿਕਟ ਦੇਣ ਦੀ ਮੰਗ ਕਰ ਰਹੇ ਹਨ, ਉਥੇ ਹੀ ਕੁਝ ਲੋਕ ਪਰਿਵਾਰਵਾਦ ਦੇ ਨਾਂ ’ਤੇ ਇਸ ਦਾ ਵਿਰੋਧ ਕਰਦੇ ਹੋਏ ਮੁੱਢ ਤੋਂ ਪਾਰਟੀ ਨਾਲ ਖੜ੍ਹਨ ਵਾਲੇ ਵਾਲੰਟੀਅਰ ਨੂੰ ਟਿਕਟ ਦੇਣ ਦੀ ਮੰਗ ਕਰ ਰਹੇ ਹਨ। ਪਿਛਲੇ ਦਿਨੀਂ ਸਾਈਕਲ ਰੈਲੀ ਮੌਕੇ ਪੁੱਜੀ ਮਨਪ੍ਰੀਤ ਕੌਰ ਨੇ ਲੋਕ ਸਭਾ ਚੋਣ ਲੜਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਉਮੀਦਵਾਰ ਬਾਰੇ ਫੈ਼ਸਲਾ ਪਾਰਟੀ ਕਰੇਗੀ ਤੇ ਜੋ ਵੀ ਫੈ਼ਸਲਾ ਹੋਵੇਗਾ, ਉਹ ਮਨਜ਼ੂਰ ਹੋਵੇਗਾ।
ਸੰਗਰੂਰ ਜ਼ਿਮਨੀ ਚੋਣ ਸਬੰਧੀ ਫੈ਼ਸਲਾ ਜਲਦੀ: ਗੜ੍ਹੀ
ਐਸਏਐਸ ਨਗਰ (ਖੇਤਰੀ ਪ੍ਰਤੀਨਿਧ): ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਅਗਲੇ ਦੋ-ਤਿੰਨ ਦਿਨਾਂ ਵਿੱਚ ਫੈ਼ਸਲਾ ਲੈਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਅਕਾਲੀ ਦਲ ਨਾਲ ਮਿਲ ਕੇ ਲੜਨ ਜਾਂ ਇਕੱਲੇ ਲੜਨ ਬਾਰੇ ਜਲਦੀ ਹੀ ਮੀਟਿੰਗ ਕਰਕੇ ਫੈ਼ਸਲਾ ਲਿਆ ਜਾਵੇਗਾ। ਬਸਪਾ ਪ੍ਰਧਾਨ ਅੱਜ ਡੇਰਬੱਸੀ ਨੇੜਲੇ ਪਿੰਡ ਸੁੰਡਰਾਂ ਵਿੱਚ 14 ਮਈ ਨੂੰ ਕਣਕ ਦੇ ਨਾੜ ਨੂੰ ਅੱਗ ਲਾਉਣ ਕਾਰਨ ਡੇਢ ਸਾਲ ਦੀ ਬੱਚੀ ਰੁਪਾਲੀ ਸਣੇ ਪੰਜਾਹ ਝੁੱਗੀਆਂ ਸੜਨ ਦੇ ਮਾਮਲੇ ਵਿੱਚ ਹਾਲੇ ਤੱਕ ਮੁਆਵਜ਼ੇ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਸੂਬਾਈ ਧਰਨਾ ਦੇਣ ਲਈ ਪਹੁੰਚੇ ਸਨ।