ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਕੀਂ ‘ਮਾਝੇ’ ਵਿੱਚ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹਣ ਦੀ ਸੰਭਾਵਨਾ ਹੈ। ਇਸ ਵਾਰ ਮਾਝਾ ਖੇਤਰ ਵਿੱਚ ਹਾਕਮ ਧਿਰ ਕਾਂਗਰਸ ਲਈ ਸਥਿਤੀ ਕਾਇਮ ਰੱਖਣਾ ਵੱਡੀ ਚੁਣੌਤੀ ਹੈ, ਜਿਸ ਕਾਰਨ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਰਾਜ ਕੁਮਾਰ ਵੇਰਕਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਸਿਆਸੀ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ।
ਮਾਝੇ ਦੇ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਵਿੱਚ ਕ੍ਰਮਵਾਰ 11, 4, 7 ਅਤੇ 3 (ਕੁੱਲ 25) ਵਿਧਾਨ ਸਭਾ ਹਲਕੇ ਆਉਂਦੇ ਹਨ। ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਮਾਝੇ ਦੀਆਂ 25 ਸੀਟਾਂ ਵਿੱਚੋਂ 22 ਸੀਟਾਂ ’ਤੇ ਜਿੱਤੀਆਂ ਸਨ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਤੇ ਭਾਜਪਾ ਨੂੰ ਇੱਕ ਸੀਟ ਮਿਲੀ ਸੀ ਤੇ ਇੱਥੇ ‘ਆਪ’ ਦਾ ਖਾਤਾ ਵੀ ਨਹੀਂ ਸੀ ਖੁੱਲ੍ਹਿਆ। ਐਤਕੀਂ ਜਾਪਦਾ ਹੈ ਕਿ ਬਦਲਾਅ ਦੇ ਨਾਮ ’ਤੇ ‘ਆਪ’ ਮਾਝੇ ਵਿੱਚ ਖਾਤਾ ਖੋਲ੍ਹੇਗੀ।
ਅੰਮ੍ਰਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚੋਂ ਅੰਮ੍ਰਿਤਸਰ ਉੱਤਰੀ ਹਲਕੇ ਵਿੱਚ ‘ਆਪ’ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵਿਚਾਲੇ ਟੱਕਰ ਰਹੀ ਹੈ। ਅੰਮ੍ਰਿਤਸਰ ਪੂਰਬੀ ਹਲਕੇ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਦਾਅ ’ਤੇ ਹੈ, ਜਿੱਥੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਨੂੰ ਸਖਤ ਟੱਕਰ ਦਿੱਤੀ। ‘ਆਪ’ ਦੀ ਜੀਵਨਜੋਤ ਕੌਰ ਨੂੰ ਲੋਕਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ। ਅੰਮ੍ਰਿਤਸਰ ਦੱਖਣੀ ਹਲਕੇ ਵਿੱਚ ਕਾਂਗਰਸ, ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸਖਤ ਮੁਕਾਬਲਾ ਹੈ। ਕੇਂਦਰੀ ਹਲਕੇ ਵਿੱਚ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ‘ਆਪ’ ਅਤੇ ਬਸਪਾ ਉਮੀਦਵਾਰਾਂ ਤੋਂ ਸਖ਼ਤ ਟੱਕਰ ਮਿਲੀ ਹੈ। ਅੰਮ੍ਰਿਤਸਰ ਪੱਛਮੀ ਹਲਕੇ ਵਿੱਚ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੂੰ ‘ਆਪ’ ਉਮੀਦਵਾਰ ਨੇ ਟੱਕਰ ਦਿੱਤੀ ਹੈ। ਜ਼ਿਲ੍ਹੇ ਦੇ ਛੇ ਦਿਹਾਤੀ ਹਲਕਿਆਂ ਵਿੱਚੋਂ ਮਜੀਠਾ ਹਲਕਾ ’ਚ ਗਨੀਵ ਕੌਰ ਮਜੀਠੀਆ ਨੇ ਚੋਣ ਲੜੀ ਹੈ। ਇੱਥੋਂ ‘ਆਪ’ ਤੇ ਕਾਂਗਰਸ ਵੱਲੋਂ ਉਮੀਦਵਾਰ ਸਕੇ ਭਰਾ ਹਨ। ਹਲਕਾ ਜੰਡਿਆਲਾ, ਬਾਬਾ ਬਕਾਲਾ, ਅਟਾਰੀ, ਰਾਜਾਸਾਂਸੀ ਤੇ ਅਜਨਾਲਾ ਵਿੱਚ ਵੀ ਕਾਂਗਰਸੀ, ‘ਆਪ’ ਅਤੇ ਅਕਾਲੀ ਦਲ ਦਾ ਮੁਕਾਬਲਾ ਸਖ਼ਤ ਹੈ।
ਗੁਰਦਾਸਪੁਰ ਦੇ ਸੱਤ ਹਲਕਿਆਂ ’ਚ ਵੀ ਤਿਕੋਣੇ ਮੁਕਾਬਲਿਆਂ ਵਿੱਚ ‘ਆਪ’ ਉਮੀਦਵਾਰਾਂ ਨੇ ਵਧੇਰੇ ਥਾਵਾਂ ’ਤੇ ਸਖਤ ਟੱਕਰ ਦਿੱਤੀ ਹੈ। ਡੇਰਾ ਬਾਬਾ ਨਾਨਕ ਹਲਕੇ ’ਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਤੇ ਫਤਹਿਗੜ੍ਹ ਚੂੜੀਆਂ ’ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਸਖ਼ਤ ਟੱਕਰ ਮਿਲੀ ਹੈ। ਬਟਾਲਾ, ਸ੍ਰੀ ਹਰਗੋਬਿੰਦਪੁਰ, ਦੀਨਾਨਗਰ, ਗੁਰਦਾਸਪੁਰ ਅਤੇ ਕਾਦੀਆਂ ਹਲਕੇ ਵਿੱਚ ਵੀ ‘ਆਪ’ ਉਮੀਦਵਾਰਾਂ ਵੱਲੋਂ ਸਖ਼ਤ ਟੱਕਰ ਦਿੱਤੀ ਗਈ। ਪਠਾਨਕੋਟ ਦੇ ਤਿੰਨ ਹਲਕਿਆਂ ਸੁਜਾਨਪੁਰ, ਭੋਆ ਅਤੇ ਪਠਾਨਕੋਟ ਵਿੱਚ ਵੀ ਇਸ ਵਾਰ ‘ਆਪ’ ਦੀ ਮੌਜੂਦਗੀ ਕਾਰਨ ਸਖਤ ਮੁਕਾਬਲੇ ਹੋਏ ਹਨ ਤੇ ਪਠਾਨਕੋਟ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਨੂੰ ਵੀ ਸਖ਼ਤ ਮੁਕਾਬਲੇ ਵਿੱਚੋਂ ਲੰਘਣਾ ਪਿਆ ਹੈ।
ਤਰਨ ਤਾਰਨ ਜ਼ਿਲ੍ਹੇ ’ਚ ਵੀ ‘ਆਪ’ ਵੱਲੋਂ ਸਖ਼ਤ ਟੱਕਰ
ਤਰਨ ਤਾਰਨ ਜ਼ਿਲ੍ਹੇ ਦੇ ਚਾਰ ਹਲਕਿਆਂ ਵਿੱਚ ਪਿਛਲੀ ਵਾਰ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਸੀ ਪਰ ਇਸ ਵਾਰ ਕਾਂਗਰਸੀ ਉਮੀਦਵਾਰਾਂ ਨੂੰ ਤਰਨਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਹਲਕਿਆਂ ਵਿੱਚ ‘ਆਪ’ ਉਮੀਦਵਾਰਾਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਹੈ।