ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਦੇ ਵਿਧਾਨ ਸਭਾ ਹਲਕਾ ਆਦਮਪੁਰ ’ਚ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕਰ ਦਿੱਤੇ ਜਾਣ ਮਗਰੋਂ ਸੱਤਾ ਧਿਰ ਭਾਜਪਾ, ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਸਰਗਰਮ ਹੋ ਗਈਆਂ ਹਨ। ਇਨ੍ਹਾਂ ਪਾਰਟੀਆਂ ਵੱਲੋਂ ਜ਼ਿਮਨੀ ਚੋਣ ਵਿੱਚ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਵਿਧਾਨ ਸਭਾ ਹਲਕਾ ਆਦਮਪੁਰ ਦੀ ਜ਼ਿਮਨੀ ਚੋਣ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਨੇ ਵੀ ਤਿਆਰੀਆਂ ਖਿੱਚ ਲਈਆਂ ਹਨ। ਗੌਰਤਲਬ ਹੈ ਕਿ ਵਿਧਾਨ ਸਭਾ ਹਲਕਾ ਆਦਮਪੁਰ ਦੀ ਸੀਟ ’ਤੇ ਸ਼ੁਰੂ ਤੋਂ ਹੀ ਕਾਂਗਰਸ ਦਾ ਦਬਦਬਾ ਰਿਹਾ ਹੈ, ਜਿੱਥੇ ਚੌਧਰੀ ਭਜਨ ਲਾਲ ਲੰਬਾ ਸਮਾਂ ਜਿੱਤ ਹਾਸਿਲ ਕਰਦੇ ਆਏ ਹਨ। ਉਸ ਤੋਂ ਬਾਅਦ ਚੌਧਰੀ ਭਜਨ ਲਾਲ ਦੇ ਪੁੱਤ ਕੁਲਦੀਪ ਬਿਸ਼ਨੋਈ ਨੇ ਕਾਂਗਰਸ ਤੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ। ਪਿਛਲੇ ਸਮੇਂ ਕੁਲਦੀਪ ਬਿਸ਼ਨੋਈ ਦੀ ਕਾਂਗਰਸ ਨਾਲ ਦੂਰੀਆਂ ਵਧਣ ਕਰਕੇ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ, ਜਿਸ ਕਰਕੇ ਵਿਧਾਨ ਸਭਾ ਹਲਕਾ ਆਦਮਪੁਰ ਦੀ ਸੀਟ ਖਾਲੀ ਹੋਈ ਹੈ। ਇਸ ਵਾਰ ਕੁਲਦੀਪ ਬਿਸ਼ਨੋਈ ਆਪਣੇ ਪੁੱਤ ਭਵਿਆ ਬਿਸ਼ਨੋਈ ਨੂੰ ਭਾਜਪਾ ਦੀ ਟਿਕਟ ਤੋਂ ਚੋਣ ਲੜਾਉਣ ਦੀ ਤਿਆਰੀ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਅਤੇ ‘ਆਪ’ ਵੀ ਆਪਣੇ ਉਮੀਦਵਾਰਾਂ ਦੀ ਖੋਜ ’ਚ ਜੁੱਟੀ ਹੋਈ ਹੈ।