ਖੇਤਰੀ ਪ੍ਰਤੀਨਿਧ
ਬਟਾਲਾ, 25 ਅਗਸਤ
ਬਟਾਲਾ ਪੁਲੀਸ ਨੇ ਸਥਾਨਕ ਬੇੜੀਆਂ ਮੁਹੱਲੇ ਵਿੱਚ ਦੋ ਦਿਨ ਪਹਿਲਾਂ ਦਿਨ-ਦਿਹਾੜੇ ਘਰ ਵਿੱਚ ਇਕੱਲੀ ਔਰਤ ਦੇ ਹੋਏ ਕਤਲ ਦੀ ਗੁੱਥੀ ਸੁਲਝਾ ਲਈ ਹੈ ਅਤੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਕਤਲ ਕਰਨ ਉਪਰੰਤ ਘਰ ਵਿੱਚੋਂ ਲੁੱਟਿਆ ਸਾਮਾਨ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਉਕਤ ਘਰ ਵਿੱਚ ਸੋਡੇ ਦੀਆਂ ਬੋਤਲਾਂ ਦੀ ਹੋਮ ਡਿਲੀਵਰੀ ਕਰਦਾ ਸੀ ਅਤੇ ਅਕਸਰ ਹੀ ਘਰ ਵਿੱਚ ਆਉਂਦਾ ਰਹਿੰਦਾ ਸੀ ਅਤੇ ਸਾਰੇ ਘਰ ਅਤੇ ਪਰਿਵਾਰਕ ਮੈਂਬਰਾਂ ਦਾ ਭੇਤੀ ਸੀ। ਇਸ ਸਬੰਧੀ ਡੀਐੱਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਲੰਘੀ 23 ਅਗਸਤ ਨੂੰ ਦੁਪਹਿਰ ਵੇਲੇ ਸਥਾਨਕ ਬੇੜੀਆਂ ਮੁਹੱਲੇ ਵਿੱਚ ਇੱਕ ਔਰਤ ਪ੍ਰਵੇਸ਼ ਸਾਨਨ ਪਤਨੀ ਨਰਿੰਦਰ ਕੁਮਾਰ ਦਾ ਘਰ ਵਿੱਚ ਹੀ ਸਿਰ ’ਤੇ ਬੋਤਲ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਉਸ ਦਾ ਪਤੀ ਅਤੇ ਲੜਕੇ ਆਪਣੀ ਦੁਕਾਨ ’ਤੇ ਗਏ ਹੋਏ ਸਨ ਅਤੇ ਉਹ ਘਰ ਵਿੱਚ ਇਕੱਲੀ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਦੇ ਮੁਖੀ ਸੁਖਇੰਦਰ ਸਿੰਘ ਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਸੋਡਾ ਫੈਕਟਰੀ ਵਿੱਚ ਕੰਮ ਕਰਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਲਵ ਕੁਮਾਰ ਵਾਸੀ ਸੇਖੜੀਆਂ ਮੁਹੱਲਾ ਵਜੋਂ ਹੋਈ ਹੈ ਜਦਕਿ ਉਸ ਦਾ ਇੱਕ ਸਾਥੀ ਅਜੇ ਫ਼ਰਾਰ ਹੈ। ਡੀਐੱਸਪੀ ਨੇ ਦੱਸਿਆ ਕਿ ਕਤਲ ਕਰਨ ਮਗਰੋਂ ਮੁਲਜ਼ਮ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਐਕਟਿਵਾ, ਘਰ ਵਿੱਚੋਂ ਲੁੱਟੇ ਸੋਨੇ ਦੇ ਗਹਿਣੇ, ਕਰੀਬ ਪਝੰਤਰ ਹਜ਼ਾਰ ਰੁਪਏ ਨਕਦ ਅਤੇ ਮੋਬਾਈਲ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਗਿਆ ਹੈ।