ਪੀ.ਪੀ. ਵਰਮਾ
ਪੰਚਕੂਲਾ, 1 ਮਾਰਚ
ਇਥੋਂ ਦੇ ਸੈਕਟਰ-5 ਦੇ ਹੁੱਡਾ ਗਰਾਊਂਡ ਤੋਂ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਵੱਡੀ ਗਿਣਤੀ ਐਕਸਟੈਂਸ਼ਨ ਲੈਕਚਰਾਰਾਂ ਨੂੰ ਪੁਲੀਸ ਨੇ ਰੋਕ ਲਿਆ। ਪੁਲੀਸ ਨੇ ਉਨ੍ਹਾਂ ’ਤੇ ਜਲ ਤੋਪਾਂ ਰਾਹੀਂ ਪਾਣੀ ਸੁੱਟਿਆ। ਇਸ ਦੌਰਾਨ ਧੱਕਾ ਮੁੱਕੀ ਦੌਰਾਨ ਕਈ ਲੈਕਚਰਾਰ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿੱਚ ਕਈ ਮਹਿਲਾ ਲੈਕਚਰਾਰ ਵੀ ਸ਼ਾਮਲ ਹਨ। ਪੁਲੀਸ ਨੇ ਲੈਕਚਰਾਰਾਂ ਦੀ ਖਿੱਚਧੂਹ ਪੰਚਕੂਲਾ-ਚੰਡੀਗੜ੍ਹ ਬਾਰਡਰ ਉੱਤੇ ਕੀਤੀ। ਦੱਸਣਯੋਗ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਲੈਕਚਰਾਰ ਪੰਚਕੂਲਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਹਨ। ਇਨ੍ਹਾਂ ਵਿਚੋਂ ਕਈ ਲੈਕਚਰਾਰ ਪਿਛਲੇ ਨੌਂ ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਸਨ। ਪੁਲੀਸ ਨਾਲ ਤਕਰਾਰ ਦੌਰਾਨ ਲੈਕਚਰਾਰਾਂ ਦਾ ਸੂਬਾ ਪ੍ਰਧਾਨ ਈਸ਼ਵਰ ਸਿੰਘ ਵੀ ਜ਼ਖਮੀ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਤਣਾਓ ਦਾ ਮਾਹੌਲ ਬਣਿਆ ਹੋਇਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲ ਤੋਪਾਂ ਕਾਰਨ ਕਈ ਲੈਕਚਰਾਰਾਂ ਦੇ ਕੰਨਾਂ ਦੇ ਪਰਦੇ ਵੀ ਫਟ ਗਏ। ਇਸ ਦੌਰਾਨ ਲੈਕਚਰਾਰ ਮੰਗ ਕਰ ਰਹੇ ਸਨ ਕਿ ਇਨ੍ਹਾਂ ਦੀ ਨੌਕਰੀ ਪੱਕੀ ਕੀਤੀ ਜਾਵੇ, ਤਨਖਾਹਾਂ ਵਧਾਈਆਂ ਜਾਣ, ਨਵੇੇਂ ਲੈਕਚਰਾਰਾਂ ਦੀ ਭਰਤੀ ਨਾ ਕੀਤੀ ਜਾਵੇ ਸਗੋਂ ਇਨ੍ਹਾਂ ਨੂੰ ਹੀ ਪੱਕੇ ਕੀਤਾ ਜਾਵੇ। ਸੂਬਾ ਪ੍ਰਧਾਨ ਈਸ਼ਵਰ ਸਿੰਘ ਨੇ ਕਿਹਾ ਕਿ ਨਵੀਆਂ ਭਰਤੀਆਂ ਕਰਕੇ ਸਰਕਾਰ ਇਨ੍ਹਾਂ ਲੈਕਚਰਾਰਾਂ ਨੂੰ ਬੇਰੁਜ਼ਗਾਰ ਕਰਨਾ ਚਾਹੁੰਦੀ ਹੈ।