ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਗਸਤ
ਗੈਂਗਸਟਰ ਤੋਂ ਅਤਿਵਾਦੀ ਬਣੇ ਹਰਵਿੰਦਰ ਰਿੰਦਾ ਅਤੇ ਗੈਂਗਸਟਰ ਗੋਲਡੀ ਬਰਾੜ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਦੇ ਕਹਿਣ ’ਤੇ ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਜਤਿੰਦਰਪਾਲ ਸ਼ੇਰਗਿੱਲ ਨੂੰ ਲੁਧਿਆਣਾ ਕਸ਼ਿਨਰੇਟ ਦੀ ਸੀਆਈਏ-2 ਟੀਮ ਨੇ ਪ੍ਰੋਡਕਸ਼ਨ ਵਾਰੰਟ ’ਤੇ ਇੱਥੇ ਲਿਆਂਦਾ ਹੈ। ਜਤਿੰਦਰਪਾਲ ਸ਼ੇਰਗਿੱਲ ਪਿਛਲੇ ਕਾਫ਼ੀ ਸਮੇਂ ਤੋਂ ਕਤਲ ਦੇ ਮਾਮਲੇ ’ਚ ਪਟਿਆਲਾ ਜੇਲ੍ਹ ਅੰਦਰ ਬੰਦ ਸੀ। ਉਸ ਨੂੰ ਪੁਲੀਸ ਕੁਝ ਦਿਨ ਪਹਿਲਾਂ ਹਥਿਆਰਾਂ ਨਾਲ ਫੜੇ ਗਏ ਮੁਲਜ਼ਮ ਸ਼ਿਵਮ ਕੁਮਾਰ ਤੋਂ ਹੋਈ ਪੁੱਛ-ਪੜਤਾਲ ਮਗਰੋਂ ਇੱਥੇ ਲਿਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲੀਸ ਨੇ ਅੱਜ ਗੈਂਗਸਟਰ ਸ਼ੇਰਗਿੱਲ ਨੂੰ ਅਦਾਲਤ ’ਚ ਪੇਸ਼ ਕੀਤਾ ਸੀ, ਜਿੱਥੋਂ ਉਸ ਨੂੰ 2 ਦਿਨਾਂ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ ਸ਼ੇਰਗਿੱਲ ਨੇ ਹੀ ਆਪਣੇ ਨੈਟਵਰਕ ਰਾਹੀਂ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਥਾਣਾ ਜਮਾਲਪੁਰ ਦੇ ਅਧੀਨ ਆਉਂਦੇ ਇਲਾਕੇ ’ਚੋਂ ਕੁਝ ਦਿਨ ਪਹਿਲਾਂ ਸ਼ਿਵ ਨਾਮ ਦੇ ਲੁਟੇਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕੋਲੋਂ 315 ਬੋਰ ਦਾ ਪਿਸਤੌਲ ਬਰਾਮਦ ਹੋਇਆ ਸੀ। ਇਸ ਮਗਰੋਂ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਸੀ ਕਿ ਉਸ ਨੂੰ ਹਥਿਆਰ ਕਿਸੇ ਗੈਂਗਸਟਰ ਦੇ ਖਾਸ ਨੇ ਦਿੱਤਾ ਸੀ। ਜਦੋਂ ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਪਟਿਆਲਾ ਜੇਲ੍ਹ ’ਚ ਕਤਲ ਦੇ ਮਾਮਲੇ ’ਚ ਬੰਦ ਗੈਂਗਸਟਰ ਜਤਿੰਦਰਪਾਲ ਸ਼ੇਰਗਿੱਲ ਨੇ ਉਸ ਨੂੰ ਹਥਿਆਰ ਮੁਹੱਈਆ ਕਰਵਾਇਆ ਸੀ। ਜਦੋਂ ਜਤਿੰਦਰਪਾਲ ਸਿੰਘ ਦੇ ਬਾਰੇ ’ਚ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਖ਼ਿਲਾਫ਼ ਕਤਲ ਦੇ 2 ਕੇਸ ਦਰਜ ਹਨ।