ਪੱਤਰ ਪ੍ਰੇਰਕ
ਮੁਹਾਲੀ/ਖਰੜ, 9 ਜੂਨ
ਰੋਪੜ ਰੇਂਜ ਦੀ ਪੁਲੀਸ ਵਲੋਂ ਅੱਜ ਖਰੜ ਅਤੇ ਮੁਹਾਲੀ ਦੀਆਂ ਕਲੋਨੀਆਂ ਵਿਚ ਛਾਪੇ ਮਾਰੇ ਗਏ। ਇਸ ਮੌਕੇ 20 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਪੁਲੀਸ ਨੇ ਅਫੀਮ, ਹਥਿਆਰ ਤੇ 21 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ। ਇਸ ਮੁਹਿੰਮ ਦੀ ਅਗਵਾਈ ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤੀ ਅਤੇ ਇਸ ਮੌਕੇ ਤਿੰਨ ਜ਼ਿਲ੍ਹਿਆਂ ਦੀ ਪੁਲੀਸ ਨੇ ਕਲੋਨੀਆਂ ਵਿਚਲੇ ਸ਼ੱਕੀ ਘਰਾਂ ਦੀ ਜਾਂਚ ਕੀਤੀ। ਇਹ ਮੁਹਿੰਮ ਰੂਪਨਗਰ ਦੇ ਐੱਸਐੱਸਪੀ ਸੰਦੀਪ ਗਰਗ, ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਅਤੇ ਫ਼ਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਰਵਜੋਤ ਗਰੇਵਾਲ ਦੀ ਅਗਵਾਈ ਹੇਠ ਚਲਾਈ ਗਈ। ਪੁਲੀਸ ਟੀਮਾਂ ਨੇ ਖਰੜ ਦੇ ਜਲਵਾਯੂ ਵਿਹਾਰ ਅਤੇ ਮੁਹਾਲੀ ਦੀਆਂ ਦੋ ਸੁਸਾਇਟੀਆਂ ਮੁਹਾਲੀ ਈਡਨ ਕੋਰਟ, ਅਤੇ ਹੋਮਲੈਂਡ ਵਿੱਚ ਛਾਪੇ ਮਾਰੇ ਤੇ 20 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਤੇ 10 ਵਾਹਨਾਂ ਨੂੰ ਵੀ ਜ਼ਬਤ ਕੀਤਾ ਹੈ। ਇਸ ਦੌਰਾਨ 18 ਗਰਾਮ ਅਫ਼ੀਮ, 7 ਹਥਿਆਰ ਅਤੇ 21 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਨਗਦੀ ਬਾਰੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ। ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੁਝ ਕਿਰਾਏਦਾਰ ਬਿਨਾਂ ਤਸਦੀਕ ਤੋਂ ਉਕਤ ਸੁਸਾਇਟੀਆਂ ਵਿਚ ਰਹਿ ਰਹੇ ਹਨ ਅਤੇ ਕਈਆਂ ਨੇ ਤਾਂ ਫਲੈਟਾਂ ਨੂੰ ਕਿਰਾਏ ’ਤੇ ਲੈ ਕੇ ਅੱਗੇ ਕਿਰਾਏ ’ਤੇ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਕਾਰਵਾਈ ਨੂੰ ਜਾਰੀ ਰੱਖਿਆ ਜਾਵੇਗਾ।