ਪੱਤਰ ਪ੍ਰੇਰਕ
ਜਗਰਾਉਂ, 8 ਜੂਨ
ਜਗਰਾਉਂ ਥਾਣੇਦਾਰ ਕਤਲ ਕਾਂਡ ਨਾਲ ਜੁੜੀਆਂ ਤੰਦਾਂ ਪੁਲੀਸ ਹੌਲੀ-ਹੌਲੀ ਖੋਲ੍ਹਣ ਲੱਗੀ ਹੋਈ ਹੈ । ਲੁਧਿਆਣਾ ਪੁਲੀਸ ਵੱਲੋਂ ਕੁੱਝ ਦਿਨ ਪਹਿਲਾਂ ਕਾਰ, ਦੋ ਮੋਟਰਸਾਈਕਲਾਂ ਅਤੇ ਹਥਿਆਰ ਸਮੇਤ ਗ੍ਰਿਫਤਾਰ ਕੀਤੇ ‘ਲੱਕੀ ਰਾਜਪੂਤ’ ਨੇ ਮੁਲਜ਼ਮ ਜੈਪਾਲ ਭੁੱਲਰ ਸਬੰਧੀ ਅਹਿਮ ਖੁਲਾਸੇ ਕੀਤੇ। ਪੁਲੀਸ ਨੇ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੱਕੀ ਰਾਜਪੂਤ ਨੂੰ ਲਿਆ ਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮੁੱਢਲੀ ਪੁੱਛ-ਪੜਤਾਲ ਦੌਰਾਨ ਦਿਲਚਸਪ ਗੱਲ ਇਹ ਬਾਹਰ ਆਈ ਕਿ ਜਦੋਂ ਜੈਪਾਲ ਭੁੱਲਰ ਅਤੇ ਸਾਥੀ ਕਿਸੇ ਗੈਰਕਾਨੂੰਨੀ ਕੰਮ ਨੂੰ ਅੰਜ਼ਾਮ ਦੇਣ ਜਾਂਦੇ ਤਾਂ ਲੱਕੀ ਰਾਜਪੂਤ ਜੈਪਾਲ ਭੁੱਲਰ ਵੱਲੋਂ ਦਿੱਤੀ ਕਾਰ ’ਤੇ ਉਨ੍ਹਾਂ ਤੋਂ ਅੱਗੇ ਐਸਕਾਰਟ ਵਜੋਂ ਜਾਂਦਾ ਅਤੇ ਨਾਲ-ਨਾਲ ਉਨ੍ਹਾਂ ਨੂੰ ਸੂਚਿਤ ਕਰਦਾ । ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਲੱਕੀ ਤੋਂ ਮਿਲੀ ਜਾਣਕਾਰੀ ਮੁੱਖ ਸਰਗਨਿਆਂ ਤੱਕ ਪਹੁੰਚਣ ਵਿੱਚ ਸਹਾਈ ਹੋਵੇਗੀ।