ਲੁਧਿਆਣਾ: ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਐਤਵਾਰ 7 ਨਵੰਬਰ ਨੂੰ ਕੀਤੀ ਜਾਣ ਵਾਲੀ ਹੜਤਾਲ ਇੱਕ ਦਿਨ ਲਈ ਟਾਲ ਦਿੱਤੀ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਆਪਣੀ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ ਤੇ ਸੂਬਾ ਸਰਕਾਰ ਵੀ ਕੈਬਨਿਟ ਵਿੱਚ ਪੈਟਰੋਲ ਤੇ ਡੀਜ਼ਲ ਸਸਤਾ ਕਰਨ ਲਈ ਫ਼ੈਸਲਾ ਲੈ ਸਕਦੀ ਹੈ, ਇਸ ਕਰਕੇ 7 ਨਵੰਬਰ ਦੀ ਹੜਤਾਲ ਫਿਲਹਾਲ ਇੱਕ ਦਿਨ ਲਈ ਅੱਗੇ ਪਾ ਦਿੱਤੀ ਗਈ ਹੈ। ਲੁਧਿਆਣਾ ’ਚ ਪੈਟਰੋਲ ਪੰਪ ਮਾਲਕ ਅਸ਼ੋਕ ਸਚਦੇਵਾ ਨੇ ਕਿਹਾ ਕਿ ਸਰਕਾਰ ਦੀ 7 ਨਵੰਬਰ ਨੂੰ ਕੈਬਨਿਟ ਮੀਟਿੰਗ ਦੇ ਫ਼ੈਸਲੇ ਮਗਰੋਂ ਮੀਟਿੰਗ ਕਰ ਕੇ ਪੈਟਰੋਲ ਪੰਪ ਮਾਲਕ ਅਗਲੀ ਰਣਨੀਤੀ ਤਿਆਰ ਕਰਨਗੇ। ਦੱਸਣਯੋਗ ਹੈ ਕਿ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ 7 ਤੋਂ 21 ਨਵੰਬਰ ਤੱਕ ਰੋਜ਼ਾਨਾ ਸ਼ਾਮ 7 ਵਜੇ ਪੈਟਰੋਲ ਪੰਪ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। -ਟਨਸ