ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਨਵੰਬਰ
ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਬਲਦੇਵ ਸਿੰਘ ਭਾਈਰੂਪਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰਾਜਿੰਦਰ ਦੀਪ ਸਿੰਘ ਵਾਲਾ, ਬਲਕਰਨ ਬਰਾੜ ਤੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜ਼ਿਮਨੀ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਲੋਕ ਕਿਸਾਨ ਅੰਦੋਲਨ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਹੁਣ ਭਾਜਪਾ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਲੋਕ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲੈਣਗੇ। ਇਸ ਮੌਕੇ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋ ਗਏ ਹਰਿਆਣਾ ਦੇ ਕਿਸਾਨ ਚੌਧਰੀ ਫ਼ਤਹਿ ਸਿੰਘ ਤੇ ਗੋਪੀ ਰਾਮ ਦੀ ਬਰਸੀ ਮਨਾਈ ਗਈ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਗੁਲਾਮੀ ਵੇਲੇ ਦੇ ਸਿਆਸੀ ਹਾਲਾਤ ਨੂੰ ਸਮਝ ਕੇ ਸਾਰਿਆਂ ਨੂੰ ਸਿਆਸੀ ਚਾਲਾਂ ਖ਼ਿਲਾਫ਼ ਜਾਗਰੂਕ ਹੋਣ ਦਾ ਸੱਦਾ ਦਿੱਤਾ ਸੀ ਤਾਂ ਕਿ ਕਿਰਤੀਆਂ ਦੀ ਲੁੱਟ ਰੋਕੀ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਵੀ ਉਹੋ ਜਿਹੇ ਹੀ ਹਾਲਾਤ ਬਣੇ ਹੋਏ ਹਨ ਅਤੇ ਸਿਆਸਤਾਨਾਂ ਖ਼ਿਲਾਫ਼ ਲੋਕਾਂ ਵਿਚ ਜਾਗਰੂਕਤਾ ਜ਼ਰੂਰੀ ਹੈ।
ਨੌਜਵਾਨਾਂ ਨੇ ਚਲਾਈ ਸਟੇਜ ਦੀ ਕਾਰਵਾਈ
ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਅੱਜ ਨੌਜਵਾਨਾਂ ਵੱਲੋਂ ਚਲਾਈ ਗਈ। ਇਸ ਦੌਰਾਨ ਯੁਵਰਾਜ ਸਿੰਘ ਘੁਡਾਣੀ ਕਲਾਂ ਤੇ ਸੰਦੀਪ ਸਿੰਘ ਘਰਾਚੋਂ ਨੇ ਕਿਹਾ ਕਿ ਕਿਸਾਨ ਜ਼ਮੀਨਾਂ ਵਿੱਚ ਖ਼ੂਨ-ਪਸੀਨਾ ਵਹਾ ਕੇ ਮੁਲਕ ਦਾ ਢਿੱਡ ਭਰਦੇ ਹਨ। ਪਰ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਖੇਤਾਂ ਦੇ ਪੁੱਤਰ ਇਕ ਸਾਲ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਹਨ। ਸਾਲ ਭਰ ਤੋਂ ਵੱਖ-ਵੱਖ ਮੌਸਮਾਂ ਵਿਚ ਵੀ ਕਿਰਤੀ ਮੋਰਚਿਆਂ ’ਤੇ ਡਟੇ ਰਹੇ।