ਜਸਵੰਤ ਜੱਸ
ਫ਼ਰੀਦਕੋਟ, 27 ਅਕਤੂਬਰ
ਕੇਂਦਰ ਤੇ ਸੂਬਾ ਸਰਕਾਰ ਵੱਲੋਂ ਫ਼ਰੀਦਕੋਟ ਵਿੱਚੋਂ ਲੰਘਦੀਆਂ ਜੌੜੀਆਂ ਨਹਿਰਾਂ ਦੇ ਕੰਢੇ ਅਤੇ ਤਲ ਕੰਕਰੀਟ ਦੇ ਬਣਾਉਣ ਖ਼ਿਲਾਫ਼ ਇਲਾਕੇ ਦੇ ਲੋਕਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਇਲਾਕਾ ਵਾਸੀਆਂ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਡਾ. ਪ੍ਰਿੰਤਪਾਲ ਸਿੰਘ ਤੇ ਕੇਸ਼ਵ ਆਜ਼ਾਦ ਨੇ ਰਾਜਿੰਦਰ ਸਿੰਘ ਕਿੰਗਰਾ, ਲਾਲ ਸਿੰਘ ਗੋਲੇਵਾਲਾ, ਬਿੰਦਰ ਸਿੰਘ ਗੋਲੇਵਾਲਾ, ਸਿਕੰਦਰ ਸਿੰਘ ਦਬੜ੍ਹੀਖਾਨਾ ਤੇ ਅੰਗਰੇਜ਼ ਸਿੰਘ ਗੋਰਾ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰ ਕੇ ਪੀਣਯੋਗ ਨਹੀਂ ਅਤੇ ਜਲ-ਸਪਲਾਈ ਵਿਭਾਗ ਵੱਲੋਂ ਉਸਾਰੇ ਗਏ ਵਾਟਰ ਵਰਕਸ ਸਿਰਫ਼ 30 ਫੀਸਦੀ ਆਬਾਦੀ ਦੀ ਹੀ ਜ਼ਰੂਰਤ ਪੂਰੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਹਿਰਾਂ ਦੇ ਤਲ ਤੇ ਕਿਨਾਰੇ ਕੰਕਰੀਟ ਦੇ ਬਣਨ ਨਾਲ ਜ਼ਮੀਨ ਵਿੱਚ ਪਾਣੀ ਦਾ ਰਿਸਾਅ ਬੰਦ ਹੋ ਜਾਵੇਗਾ ਅਤੇ ਨਹਿਰਾਂ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਵੱਡੇ ਪੱਧਰ ’ਤੇ ਘਾਟ ਪੈਦਾ ਹੋ ਜਾਵੇਗੀ। ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਜੌੜੀਆਂ ਨਹਿਰਾਂ ਦੇ ਆਲੇ-ਦੁਆਲੇ ਲੱਖਾਂ ਦੀ ਗਿਣਤੀ ’ਚ ਰੁੱਖ ਖੜ੍ਹੇ ਹਨ ਅਤੇ ਜੇਕਰ ਇਹ ਪ੍ਰਾਜੈਕਟ ਸ਼ੁਰੂ ਹੁੰਦਾ ਹੈ ਤਾਂ ਇਨ੍ਹਾਂ ਦੀ ਵੀ ਕਟਾਈ ਕਰ ਦਿੱਤੀ ਜਾਵੇਗੀ। ਇਸ ਮੌਕੇ ‘ਜਲ ਜੀਵਨ ਬਚਾਓ’ ਮੋਰਚੇ ਨੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਜੌੜੀਆਂ ਨਹਿਰਾਂ ਤੱਕ ਰੋਸ ਮਾਰਚ ਕੀਤਾ। ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਨਹਿਰਾਂ ਪੱਕੀਆਂ ਕਰਨ ਦਾ ਪ੍ਰਾਜੈਕਟ ਕਿਸੇ ਵੀ ਕੀਮਤ ’ਤੇ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵੀ ਇਸ ਪ੍ਰਾਜੈਕਟ ਨੂੰ ਰੋਕਣ ਲਈ ਸ਼ੁਰੂ ਹੋਏ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਇਸ ਪ੍ਰਾਜੈਕਟ ਨੂੰ ਮੁਕੰਮਲ ਨਹੀਂ ਹੋਣ ਦੇਣਗੇ।
ਅੱਜ ਦੇ ਧਰਨੇ ਨੂੰ ਸੁਰਜੀਤ ਸ਼ਤਾਬ, ਸੁਖਚੈਨ ਸਿੰਘ ਥਾਂਦੇਵਾਲਾ, ਦਵਿੰਦਰ ਸਿੰਘ, ਸੰਦੀਪ ਅਰੋੜਾ, ਸੋਹਨ ਸਿੰਘ ਬਰਗਾੜੀ, ਗੁਰਮੀਤ ਸਿੰਘ ਗੋਲੇਵਾਲਾ, ਹਰਦਾਸ ਸਿੰਘ ਤੇ ਸੁਖਦੇਵ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ।
ਸਰਕਾਰ ਪ੍ਰਾਜੈਕਟ ’ਤੇ ਮੁੜ ਵਿਚਾਰ ਕਰ ਰਹੀ ਹੈ: ਸੇਖੋਂ
ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੀ ਗੰਭੀਰਤਾ ਬਾਰੇ ਮੁੱਖ ਮੰਤਰੀ ਪੰਜਾਬ ਤੇ ਸਿੰਜਾਈ ਮੰਤਰੀ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਪ੍ਰਾਜੈਕਟ ’ਤੇ ਮੁੜ ਵਿਚਾਰ ਕਰ ਰਹੀ ਹੈ।