ਖਰੜ (ਪੱਤਰ ਪ੍ਰੇਰਕ): ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ ਨੇ ਅੱਜ ਖਰੜ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਇਕੱਠ ਨੂੰ ਸੰਬੋਧਨ ਕੀਤਾ। ਇਸ ਇਕੱਠ ਨੂੰ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਖਰੜ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ (ਟਿੰਕੂ), ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ ਤੇ ਕਮਲ ਕਿਸ਼ੋਰ ਕਾਲਾ ਆਦਿ ਦਾ ਸਮਰਥਨ ਮਿਲਿਆ। ਇੱਥੋਂ ਦੇ ਸ੍ਰੀ ਰਾਮ ਭਵਨ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਵਿਜੇਇੰਦਰ ਸਿੰਗਲਾ ਨੇ ਕਾਂਗਰਸ ਪਾਰਟੀ ਨੂੰ ਮਿਲ ਰਹੇ ਭਰਵੇਂ ਸਮਰਥਨ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਾਜਪਾ ਦੇ ਤਾਨਾਸ਼ਾਹੀ ਸ਼ਾਸਨ ਦਾ ਵਿਰੋਧ ਕਰਨ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਲੋਕਤੰਤਰ ਨੂੰ ਜਿਊਂਦਾ ਰੱਖਣ ਤੇ ਸੰਵਿਧਾਨਕ ਵਿਰਾਸਤ ਦੀ ਰੱਖਿਆ ਦੇ ਮਹੱਤਵ ’ਤੇ ਜ਼ੋਰ ਦਿੱਤਾ।