ਕੁਲਦੀਪ ਸਿੰਘ
ਚੰਡੀਗੜ੍ਹ, 23 ਅਪਰੈਲ
ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਲਈ ਪੰਜਾਬ ਦੇ ਮੁਲਾਜ਼ਮ ਵਰਗ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਕਾਫ਼ੀ ਰੋਹ ਹੈ। ਲੋਕ ਸਭਾ ਚੋਣਾਂ ਮੌਕੇ ਮੁਲਾਜ਼ਮ ਵਰਗ ਖਾਸ ਕਰਕੇ ਸਾਲ-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੇ ਆਪਣੇ ਘਰਾਂ ਅੱਗੇ ਪੋਸਟਰ ਲਾ ਕੇ ਹਰ ਸਿਆਸੀ ਧਿਰ ਨੂੰ ਸਿੱਧਾ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਦੀ ਵੋਟ ਦਾ ਹੱਕਦਾਰ ਉਹੀ ਉਮੀਦਵਾਰ ਹੋਵੇਗਾ ਜਿਹੜਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਹਾਮੀ ਭਰੇਗਾ।
ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਅਤੇ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਨੇ ਕਿਹਾ ਕਿ ਪੈਨਸ਼ਨ ਬਹਾਲੀ ਸਬੰਧੀ ਦੋ ਸਾਲ ਪਹਿਲਾਂ ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਚਿੱਟਾ ਹਾਥੀ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਇਤਿਹਾਸ ਦੀ ਪਹਿਲੀ ਸਰਕਾਰ ਹੈ ਜੋ ਆਪਣੇ ਲਿਖ਼ਤੀ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕਰ ਸਕੀ। ਹਰ ਵਾਰ ਸਰਕਾਰ ਨੇ ਅੜੀਅਲ ਰਵੱਈਆ ਅਪਣਾਈ ਰੱਖਿਆ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਸ ਮੁੱਦੇ ’ਤੇ ਮੋਦੀ ਸਰਕਾਰ ਤੋਂ ਵੀ ਨਿਰਾਸ਼ਾ ਹੀ ਪੱਲੇ ਪਈ ਹੈ ਕਿਉਂਕਿ ਪ੍ਰਧਾਨ ਮੰਤਰੀ ਤਾਂ ਪੁਰਾਣੀ ਪੈਨਸ਼ਨ ਬਹਾਲੀ ਨੂੰ ਮਹਾਂਪਾਪ ਤੱਕ ਆਖ ਚੁੱਕੇ ਹਨ। ਇਸ ਲਈ ਹੁਣ ਸੂਬਾ ਅਤੇ ਕੇਂਦਰ ਸਰਕਾਰ ਤੋਂ ਅੱਕ ਚੁੱਕੇ ਮੁਲਾਜ਼ਮ ਵਰਗ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਵੋਟ ਮੰਗਣ ਆ ਰਹੇ ਨੁਮਾਇੰਦਿਆਂ ਨੂੰ ਘਰਾਂ ਅੱਗੇ ਪੋਸਟਰ ਲਾ ਕੇ ਤਿੱਖੇ ਸਵਾਲ ਕਰਨ ਦਾ ਫੈਸਲਾ ਕੀਤਾ ਹੈ।