ਸ਼ਗਨ ਕਟਾਰੀਆ
ਬਠਿੰਡਾ, 8 ਅਕਤੂਬਰ
ਕਿਸਾਨ ਅੰਦੋਲਨ ਦੇ ਅੱਜ ਅੱਠਵੇਂ ਦਿਨ ਵੀ ਸੰਘਰਸ਼ੀ ਮੈਦਾਨ ’ਚ ਜਨਤਕ ਭੀੜਾਂ ਜੁੜੀਆਂ ਰਹੀਆਂ। ਇਥੇ ਨਾਟਕ, ਕੋਰੀਓਗ੍ਰਾਫ਼ੀਆਂ ਅਤੇ ਜ਼ਿੰਦਗੀ ਦੇ ਗੀਤਾਂ ਰਾਹੀਂ ਹੱਕਾਂ ਦਾ ਸੁਨੇਹੇ ਪੌਣਾਂ ’ਚ ਘੁਲ ਕੇ ਇਕ ਤੋਂ ਦੂਜੀ ਜੂਹ ਤੱਕ ਪਰਿਕਰਮਾ ਕਰਦੇ ਰਹੇ।
ਭਾਕਿਯੂ ਉਗਰਾਹਾਂ ਦੇ ਧਰਨੇ ਅੱਜ ਵੀ ਪੈਟਰੋਲ ਪੰਪਾਂ, ਟੌਲ ਪਲਾਜ਼ਿਆਂ ਅਤੇ ਸ਼ਾਪਿੰਗ ਮਾਲਜ਼ ਅੱਗੇ ਜਾਰੀ ਰਹੇ। ਇਸ ਦੌਰਾਨ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਰਾਜਵਿੰਦਰ ਸਿੰਘ ਰਾਮਨਗਰ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ ਵਾਲਾ ਤੇ ਕੁਲਵੰਤ ਸ਼ਰਮਾ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਬਠਿੰਡਾ-ਅੰਮ੍ਰਿਤਸਰ ਸ਼ਾਹ ਰਾਹ ’ਤੇ ਪਿੰਡ ਜੀਦਾ ਦੇ ਟੌਲ ਪਲਾਜ਼ੇ ਉਤੇ ਲੋਕ ਗਾਇਕ ਜਗਸੀਰ ਜੀਦਾ ਦੀ ਅਗਵਾਈ ਵਾਲੀ ਲੋਕ ਸੰਗੀਤ ਮੰਡਲੀ ਜੀਦਾ ਅਤੇ ਕਵੀਸ਼ਰੀ ਜਥਿਆਂ ਨੇ ਗੀਤ-ਸੰਗੀਤ ਅਤੇ ਕਵੀਸ਼ਰੀ ਪੇਸ਼ ਕੀਤੇ। ‘ਨਾਟਿਯਮ’ ਵੱਲੋਂ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ’ਚ ਨਾਟਕ ‘ਮਦਾਰੀ’ ਅਤੇ ‘ਲੌਕਡਾਊਨ’ ਦੀ ਖ਼ੂਬਸੂਰਤ ਪੇਸ਼ਕਾਰੀ ਨੂੰ ਧਰਨਾਕਾਰੀਆਂ ਨੇ ਨੀਝ ਨਾਲ ਮਾਣਿਆ। ਉਧਰ ‘ਰੇਲ ਰੋਕੋ ਅੰਦੋਲਨ’ ਤਹਿਤ ਬਠਿੰਡਾ ਦੇ ਮੁਲਤਾਨੀਆਂ ਵਾਲੇ ਰੇਲਵੇ ਹਵਾਈ ਪੁਲ ਹੇਠਾਂ ਕਿਸਾਨ ਵਿਖਾਵਾਕਾਰੀ ਧਰਨੇ ’ਤੇ ਬੈਠੇ ਹੋਏ ਸਨ। ਭਾਕਿਯੂ (ਸਿੱਧੂਪੁਰ) ਦੇ ਬਲਦੇਵ ਸਿੰਘ ਸੰਦੋਹਾ, ਕੁਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ, ਭਾਕਿਯੂ (ਡਕੌਂਦਾ) ਦੇ ਹਰਵਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋਮਿੱਠੀ, ਕਿਰਤੀ ਕਿਸਾਨ ਯੂਨੀਅਨ ਦੇ ਅਮਰਜੀਤ ਹਨੀ, ਭਾਕਿਯੂ (ਮਾਨਸਾ) ਦੇ ਬਲਵਿੰਦਰ ਗੰਗਾ, ਦਿਹਾਤੀ ਮਜ਼ਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ ਆਦਿ ਇਸ ਮੁਜ਼ਾਹਰੇ ’ਚ ਸ਼ਾਮਿਲ ਸਨ। ਉਨ੍ਹਾਂ ਮੋਦੀ ਸਰਕਾਰ ਦੀਆਂ ਕਿਸਾਨ ਨੀਤੀਆਂ ਦੀ ਨਿਖੇਧੀ ਕੀਤੀ।