ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 8 ਜਨਵਰੀ
ਖੇਤੀ ਕਾਨੂੰਨ ਖ਼ਿਲਾਫ਼ ਦੇਸ਼ ਪੱਧਰੀ ਜੇਤੂ ਕਿਸਾਨ ਘੋਲ ਵਿੱਚ ਲਗਾਤਾਰ ਕਾਰਜਸ਼ੀਲ ਰਹੇ ਕਿਸਾਨਾਂ ਅਤੇ ਆਪਣੀਆਂ ਜਾਨਾਂ ਨਿਛਾਵਰ ਕਰ ਗਏ ਯੋਧਿਆਂ ਦੇ ਸਨਮਾਨ ਵਿੱਚ ਅੱਜ ਵਿਰਸਾ ਵਿਹਾਰ ਵਿੱਚ ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ। ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਸਾਨ ਸੰਘਰਸ਼ ਅਤੇ ਅਕਾਦਮੀ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਵਿਰਸਾ ਵਿਹਾਰ ਦੇ ਸਰਦਾਰ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਹੋਏ ਸਮਾਗਮ ’ਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਰਛਪਾਲ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਲਖਬੀਰ ਸਿੰਘ ਨਿਜਾਮਪੁਰਾ, ਹਰਜੀਤ ਸਿੰਘ ਝੀਤਾ ਸ਼ਾਮਲ ਹੋਏ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਲੜਨ ਦਾ ਰਸਤਾ ਦਿਖਾਇਆ ਹੈ। ਇਸ ਰਾਹ ’ਤੇ ਤੁਰਦਿਆਂ ਭਾਵੇਂ ਬਹੁਤ ਸਾਰੀਆਂ ਦਿੱਕਤਾਂ ਆਈਆਂ, 700 ਤੋਂ ਜ਼ਿਆਦਾ ਕਿਸਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਕਿਸਾਨਾਂ ਤੇ ਲੋਕਾਂ ਦੇ ਏਕੇ ਅਤੇ ਹੌਸਲੇ ਨੇ ਇਸ ਅੰਦੋਲਨ ਵਿੱਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਹੁਣ 32 ਕਿਸਾਨ ਜਥੇਬੰਦੀਆਂ ਵਿੱਚੋਂ 22 ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਦਾ ਪੰਜਾਬੀਆਂ ਨੂੰ ਭਰਪੂਰ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੂੰਜੀਵਾਦੀ ਪਾਰਟੀਆਂ ਨੂੰ ਛੱਡ ਕੇ ਸਮਾਜਵਾਦ ਦੇ ਰਸਤੇ ’ਤੇ ਤੁਰਨ ਵਾਲੇ ਲੋਕਾਂ ਦਾ ਸਾਥ ਦੇਣ।
ਕਿਸਾਨ ਆਗੂ ਰਛਪਾਲ ਸਿੰਘ ਨੇ ਕਿਹਾ ਕਿ ਜਦੋਂ ਲੋਕ ਲੜਦੇ ਹਨ ਤਾਂ ਉਨ੍ਹਾਂ ਦੇ ਹੌਸਲੇ ਤੇ ਹੱਠ ਨੂੰ ਦੇਖ ਕੇ ਸਰਕਾਰਾਂ ਰਸਤਾ ਬਦਲ ਲੈਂਦੀਆਂ ਹਨ। ਕਿਸਾਨ ਆਗੂ ਲਖਬੀਰ ਸਿੰਘ ਨਿਜਾਮਪੁਰਾ ਤੇ ਹਰਜੀਤ ਸਿੰਘ ਝੀਤਾ ਨੇ ਕਿਹਾ ਕਿ ਇਹ ਪੂੰਜੀਪਤੀ ਏਜੰਡੇ ਖ਼ਿਲਾਫ਼ ਘੋਲ ਸੀ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਫੈਡਰਲ ਢਾਂਚੇ ਦੀ ਲੜਾਈ ਵੀ ਜਿੱਤੀ ਹੈ, ਜਿਸ ਵਿੱਚ ਕੇਂਦਰ ਰਾਜਾਂ ਨੂੰ ਕਮਜ਼ੋਰ ਕਰਨ ਦੇ ਰਾਹ ਪੈ ਗਿਆ ਸੀ। ਇਸ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਅੰਦੋਲਨ ਵਿੱਚ ਜੇਤੂ ਕਿਸਾਨਾਂ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੋਮੈਂਟੋ, ਸ਼ਾਲ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਆ ਗਿਆ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਨੇ ਅਕਾਦਮੀ ਵੱਲੋਂ ਸਰਬਸੰਮਤੀ ਨਾਲ ਤਿਆਰ ਕੀਤੇ ਮਤੇ ਪੇਸ਼ ਕੀਤੇ ਅਤੇ ਹਰਜਿੰਦਰ ਕੌਰ ਕੰਗ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਸੁਰਜੀਤ ਜੱਜ, ਭੁਪਿੰਦਰ ਸਿੰਘ ਸੰਧੂ, ਧਰਮਿੰਦਰ ਔਲਖ, ਕਮਲ ਗਿੱਲ, ਕਰਮਜੀਤ ਜੱਸਲ, ਦਿਲਬਾਗ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਕੱਦਗਿੱਲ, ਗੁਰਜਿੰਦਰ ਸਿੰਘ ਬਘਿਆੜੀ, ਜਗਰੂਪ ਸਿੰਘ ਐਮਾ, ਹਰੀਸ਼ ਸਾਬਰੀ ਅਤੇ ਓਂਕਾਰ ਸਿੰਘ ਹਾਜ਼ਰ ਸਨ।