ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਏਲਨਾਬਾਦ/ਸਿਰਸਾ, 20 ਅਪਰੈਲ
ਸਿਆਸੀ ਸਰਗਰਮੀਆਂ ਤੋਂ ਕਿਨਾਰਾ ਕਰ ਚੁੱਕੇ ਤੇ ਏਲਨਾਬਾਦ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਭਾਜਪਾ ਦੀ ਟਿਕਟ ’ਤੇ ਚੋਣ ਲੜ ਚੁੱਕੇ ਪਵਨ ਬੈਨੀਵਾਲ ਨੇ ਅੱਜ ਸਿਰਸਾ ਵਿੱਚ ਚੱਲ ਰਹੇ ਕਿਸਾਨ ਪੱਕੇ ਮੋਰਚੇ ’ਤੇ ਜਾ ਕੇ ਭਾਜਪਾ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ। ਇਨੈਲੋ ਦੇ ਅਭੈ ਸਿੰਘ ਚੌਟਾਲਾ ਦੇ ਅਤਿ ਕਰੀਬ ਰਹੇ ਪਵਨ ਬੈਨੀਵਾਲ ਅਤੇ ਅਭੈ ਸਿੰਘ ਚੌਟਾਲਾ ਵਿਚਕਾਰ ਹੋਏ ਮਨ-ਮੁਟਾਵ ਦੇ ਚੱਲਦਿਆ ਪਵਨ ਬੈਨੀਵਾਲ ਇਨੈਲੋ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਣ ਵਾਲੇ ਪਵਨ ਬੈਨੀਵਾਲ ਨੂੰ 2014 ਵਿੱਚ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਏਲਨਾਬਾਦ ਤੋਂ ਭਾਜਪਾ ਦੀ ਟਿਕਟ ਦਿੱਤੀ ਗਈ ਸੀ। ਪਵਨ ਬੈਨੀਵਾਲ ਵੱਲੋਂ ਹੁਣ ਕਾਂਗਰਸ ਪਾਰਟੀ ਵਿੱਚ ਜਾਣ ਦੀਆ ਅਫ਼ਵਾਹਾਂ ਵੀ ਲਗਾਤਾਰ ਜ਼ੋਰ ਫੜ ਰਹੀਆਂ ਹਨ। ਹੁਣ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤਾਂ ਕਿਸਾਨਾਂ ਨੇ ਭਾਜਪਾ ਤੇ ਜਜਪਾ ਦੇ ਆਗੂਆਂ ਦਾ ਵਿਰੋਧ ਕਰਨ ਦਾ ਫੈ਼ਸਲਾ ਲਿਆ ਹੋਇਆ ਹੈ। ਭਾਜਪਾ ਦੀ ਟਿਕਟ ’ਤੇ ਦੋ ਵਾਰ ਚੋਣ ਲੜ ਚੁੱਕੇ ਤੇ ਮਨੋਹਰ ਲਾਲ ਖੱਟਰ ਦੇ ਪਹਿਲੇ ਗੇੜੇ ਦੇ ਮੁੱਖ ਮੰਤਰੀ ਹੁੰਦਿਆਂ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਰਹੇ ਚੁੱਕੇ ਪਵਨ ਬੈਨੀਵਾਲ ਨੇ ਅੱਜ ਪੱਕਾ ਮੋਰਚਾ ’ਚ ਆ ਕੇ ਕਿਸਾਨਾਂ ਦੀ ਹਮਾਇਤ ਕਰਦਿਆਂ ਭਾਜਪਾ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ। ਅਚਨਚੇਤ ਭਾਜਪਾ ਆਗੂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਆਉਣ ਨਾਲ ਇਸ ਖੇਤਰ ਵਿੱਚ ਸਿਆਸੀ ਸਰਗਰਮੀਆਂ ਫਿਰ ਵੱਧ ਗਈਆਂ ਹਨ ਕਿਉਂਕਿ ਇਸ ਤੋਂ ਪਹਿਲਾਂ ਐਲਨਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ ਇਨੈਲੋ ਦੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਵੀ ਕਿਸਾਨਾਂ ਦੀ ਹਮਾਇਤ ਵਿੱਚ ਹਰਿਆਣਾ ਵਿਧਾਨ ਸਭਾ ’ਚ ਆਪਣੇ ਵਿਧਾਇਕ ਪਦ ਤੋਂ ਅਸਤੀਫ਼ਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਦੇ ਚੁੱਕੇ ਹਨ, ਜੋ ਸਪੀਕਰ ਵੱਲੋਂ ਮਨਜੂਰ ਕਰ ਲਿਆ ਗਿਆ ਸੀ।