ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਨਵੰਬਰ
ਵਿਜੀਲੈਂਸ ਦੀ ਟੀਮ ਨੇ ਅੱਜ ਇੱਥੋਂ ਦੇ ਢੰਡਾਰੀ ਕਲਾਂ ਇਲਾਕੇ ’ਚ ਸਥਿਤ ਇੱਕ ਪਟਵਾਰੀ ਤੇ ਉਸ ਦੇ ਨਿੱਜੀ ਕਰਿੰਦੇ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਕਬੀਰ ਨਗਰ ਵਾਸੀ ਦਲਜੀਤ ਸਿੰਘ ਦੀ ਸ਼ਿਕਾਇਤ ’ਤੇ ਕਰਵਾਈ ਕਰਦਿਆਂ ਪਟਵਾਰੀ ਮਨਦੀਪ ਸਿੰਘ ਤੇ ਉਸ ਦੇ ਪ੍ਰਾਈਵੇਟ ਕਰਿੰਦੇ ਸੋਨੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵਾਂ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਦਲਜੀਤ ਸਿੰਘ ਨੇ ਮੁਲਜ਼ਮਾਂ ਤੋਂ ਆਪਣੀ ਮਾਂ ਦੇ ਨਾਮ ਦਾ ਜਾਇਦਾਦ ਸਬੰਧੀ ਰਿਕਾਰਡ ਲੈਣ ਲਈ ਅਰਜ਼ੀ ਦਿੱਤੀ ਸੀ। ਇਸ ਦੌਰਾਨ ਪਟਵਾਰੀ ਮਨਦੀਪ ਸਿੰਘ ਦੇ ਕਰਿੰਦੇ ਸੋਨੀ ਨਾਲ ਉਸ ਦੀ ਮੁਲਾਕਾਤ ਹੋਈ ਤਾਂ ਉਸ ਨੇ ਉਸ ਦਾ ਕੰਮ ਛੇਤੀ ਕਰਾਉਣ ਦਾ ਲਾਲਚ ਦਿੱਤਾ। ਮੁਲਜ਼ਮ ਨੇ ਉਸ ਤੋਂ ਇੱਕ ਹਜ਼ਾਰ ਰੁਪਏ ਬਤੌਰ ਰਿਸ਼ਵਤ ਪਹਿਲਾਂ ਲੈ ਲਈ ਤੇ 5 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਸੀ।