ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਮਈ
ਖ਼ਾਲਿਸਤਾਨ ਦੇ ਮੁੱਦੇ ’ਤੇ ਮਾਰਚ ਕੱਢਣ ਦੌਰਾਨ 29 ਅਪਰੈਲ ਨੂੰ ਪਟਿਆਲਾ ਵਿਚ ਸਿੱਖਾਂ ਅਤੇ ਹਿੰਦੂ ਕਾਰਕੁਨਾਂ ਦਰਮਿਆਨ ਹੋਏ ਟਕਰਾਅ ਸਬੰਧੀ ਮੁੱਖ ਸਾਜ਼ਿਸ਼ਘਾੜੇ ਕਰਾਰ ਦਿੱਤੇ ਗਏ ਸਿੱਖ ਨੌਜਵਾਨ ਬਲਜਿੰਦਰ ਸਿੰਘ ਪਰਵਾਨਾ (38) ਅਤੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ ਸਮੇਤ ਛੇ ਜਣਿਆਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਭੜਕਾਊ ਪ੍ਰਚਾਰ ਦੇ ਦੋਸ਼ ਹੇਠ ਪੰਡਤ ਅਸ਼ਵਨੀ ਗੱਗੀ, ਰਾਜਿੰਦਰ ਸਿੰਘ ਸਮਾਣਾ, ਦਵਿੰਦਰ ਸਿੰਘ ਜੀਂਦ ਅਤੇ ਵਾਸਦੇਵ ਵਾਸੀ ਫਤਿਹਗੜ੍ਹ ਸਾਹਿਬ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋ ਗੁੱਟਾਂ ’ਚ ਹੋਏ ਟਕਰਾਅ ਦੇ ਸਬੰਧ ’ਚ ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪਟਿਆਲਾ ਦੇ ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਪਰਵਾਨਾ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਦਿੱਤੀ। ਪਰਵਾਨਾ ਨੂੰ ਇਥੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਰਾਜਪੁਰਾ ਨੇੜਲੇ ਪਿੰਡ ਖਰੋਲਾ ਦਾ ਮੂਲ ਨਿਵਾਸੀ ਬਲਜਿੰਦਰ ਪਰਵਾਨਾ ਰਾਜਪੁਰਾ ਸ਼ਹਿਰ ’ਚ ਰਹਿੰਦਾ ਹੈ। ਗਰਮਖਿਆਲੀ ਵਿਚਾਰਧਾਰਾ ਵਾਲੇ ਪਰਵਾਨਾ ਖਿਲਾਫ਼ ਪਹਿਲਾਂ ਵੀ ਚਾਰ ਕੇਸ ਚੱਲ ਰਹੇ ਹਨ ਜਿਨ੍ਹਾਂ ’ਚੋਂ ਦੋ ਇਰਾਦਾ ਕਤਲ ਦੇ ਹਨ। ਪੁਲੀਸ ਮੁਤਾਬਕ ਪਰਵਾਨਾ ਨੇ ਸਿੱਖਾਂ ਨੂੰ ਭੜਕਾ ਕੇ ਕਾਲੀ ਮਾਤਾ ਮੰਦਰ ਵੱਲ ਮਾਰਚ ਕੱਢਣ ਦਾ ਸੱਦਾ ਦਿੱਤਾ ਸੀ। ਉਂਜ ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਮੰਦਰ ਨੇੜੇ ਵਾਪਰੀ ਪਥਰਾਅ ਦੀ ਘਟਨਾ ਮੌਕੇ ਉਹ ਇਥੋਂ ਦੂਰ ਪੈਂਦੇ ਗੁਰਦਵਾਰਾ ਦੂਖਨਿਵਾਰਨ ਸਾਹਿਬ ਵਿਚ ਮੌਜੂਦ ਸੀ ਅਤੇ ਉਹ ਸ਼ਾਮ ਵੇਲੇ ਫੁਹਾਰਾ ਚੌਕ ਵਾਲੇ ਧਰਨੇ ’ਚ ਹੀ ਪੁੱਜਾ ਸੀ। ਪਰਵਾਨਾ ਉਰਫ਼ ਸਨੀ ਸੋਸ਼ਲ ਮੀਡੀਆ ’ਤੇ ਆਪਣੇ ਭੜਕਾਊ ਭਾਸ਼ਨਾਂ ਲਈ ਜਾਣਿਆ ਜਾਂਦਾ ਹੈ। ਉਹ 2007-08 ’ਚ ਸਿੰਗਾਪੁਰ ਗਿਆ ਸੀ ਅਤੇ 18 ਮਹੀਨਿਆਂ ਮਗਰੋਂ ਉਥੋਂ ਪਰਤ ਆਇਆ ਸੀ। ਉਸ ਨੇ ਰਾਜਪੁਰਾ ’ਚ ਆਪਣੀ ਜਥੇਬੰਦੀ ‘ਦਮਦਮੀ ਟਕਸਾਲ’ ਬਣਾਈ ਸੀ ਅਤੇ ਕਿਸਾਨਾਂ ਵੱਲੋਂ ਕੀਤੇ ਗਏ ਅੰਦੋਲਨ ’ਚ ਵੀ ਉਸ ਨੇ ਸ਼ਮੂਲੀਅਤ ਕੀਤੀ ਸੀ। ਉਧਰ ਸ਼ੰਕਰ ਭਾਰਦਵਾਜ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਇਸੇ ਤਰਾਂ ਵਾਸਦੇਵ, ਦਵਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਨੂੰ ਵੀ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਮਰਹੂਮ ਟੌਹੜਾ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਦੋਸ਼ ’ਚ ਫੜੇ ਗੱਗੀ ਪੰਡਿਤ ਨੂੰ ਪੁਲੀਸ ਕੱਲ੍ਹ ਅਦਾਲਤ ’ਚ ਪੇਸ਼ ਕਰੇਗੀ। ਹਰੀਸ਼ ਸਿੰਗਲਾ ਪਹਿਲਾਂ ਹੀ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹੈ ਅਤੇ ਭਲਕੇ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਸੰਭਾਵਨਾ ਹੈ ਕਿ ਪੁਲੀਸ ਸਿੰਗਲਾ ਦਾ ਹੋਰ ਰਿਮਾਂਡ ਮੰਗੇਗੀ ਕਿਉਂਕਿ ਇਸ ਕੇਸ ’ਚ 40 ਤੋਂ 50 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਅਜੇ ਸਿਰਫ਼ 10 ਕੁ ਦੀ ਹੀ ਸ਼ਨਾਖ਼ਤ ਹੋਈ ਹੈ।
ਆਈਜੀ ਛੀਨਾ ਨੇ ਕਿਹਾ ਕਿ ਪੁਲੀਸ ਨੇ ਹਰੀਸ਼ ਸਿੰਗਲਾ ਅਤੇ ਅਸ਼ਵਨੀ ਕੁਮਾਰ ਗੱਗੀ ਪੰਡਤ ਦੇ ਸਾਥੀ ਸ਼ੰਕਰ ਭਾਰਦਵਾਜ ਨੂੰ ਨਫ਼ਰਤੀ ਭਾਸ਼ਨ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਆਈਜੀ ਨੇ ਕਿਹਾ ਕਿ ਜੇਕਰ ਕੋਈ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਨਸਨੀਖੇਜ਼ ਖ਼ਬਰਾਂ ਫੈਲਾਉਣ ਵਾਲਿਆਂ ਸਮੇਤ ਸੋਸ਼ਲ ਮੀਡੀਆ ’ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੀਡੀਆ, ਖਾਸ ਕਰਕੇ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਹੈਂਡਲਰਜ਼ ਨੂੰ ਵੀ ਅਪੀਲ ਕੀਤੀ ਕਿ ਅਮਨ-ਕਾਨੂੰਨ ਅਤੇ ਸ਼ਾਂਤੀ ਭੰਗ ਕਰਨ ਵਾਲੀ ਕੋਈ ਵੀ ਖ਼ਬਰ ਸਾਂਝੀ ਕਰਨ ਤੋਂ ਪਹਿਲਾਂ ਪੁਸ਼ਟੀ ਜ਼ਰੂਰ ਕਰ ਲਈ ਜਾਵੇ। ਐੱਸਐੱਸਪੀ ਨੇ ਕਿਹਾ ਪੁਲੀਸ ਪੇਸ਼ੇਵਾਰਾਨਾ ਢੰਗ ਨਾਲ ਮਾਮਲੇ ਦੀ ਤਹਿ ਤੱਕ ਜਾ ਕੇ ਇਸ ਸਾਜ਼ਿਸ਼ ਪਿਛਲੇ ਹਰੇਕ ਦੋਸ਼ੀ ਨੂੰ ਬੇਨਕਾਬ ਕਰੇਗੀ। ਇਸ ਮੌਕੇ ਮੌਜੂਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਮੁੱਚਾ ਪ੍ਰਸ਼ਾਸਨ ਗ਼ੈਰ ਸਮਾਜੀ ਅਤੇ ਸ਼ਰਾਰਤੀ ਤੱਤਾਂ ਵਿਰੁੱਧ ਰਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤਹਿਸੀਲਾਂ ’ਚ ਵੀ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ ਕੀਤੀ ਜਾ ਰਹੀਆਂ ਹਨ, ਤਾਂ ਜੋ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖੀ ਜਾ ਸਕੇ। ਇਸ ਮੌਕੇ ਏਡੀਸੀ ਗੁਰਪ੍ਰੀਤ ਥਿੰਦ, ਡੀਪੀਆਰਓ ਹਰਦੇਵ ਆਸੀ ਅਤੇ ਏਪੀਆਰਓ ਹਰਦੀਪ ਗਹੀਰ ਵੀ ਮੌਜੂਦ ਸਨ।
ਪੁਲੀਸ ਦੀ ‘ਢਿੱਲੀ’ ਕਾਰਗੁਜ਼ਾਰੀ ਕਾਰਨ ਪਟਿਆਲਾ ’ਚ ਹੋਈ ਹਿੰਸਾ: ਹਿੰਦੂ ਜਥੇਬੰਦੀਆਂ
ਚੰਡੀਗੜ੍ਹ (ਟਨਸ): ਪੰਜਾਬ ਦੀਆਂ ਹਿੰਦੂ ਜਥੇਬੰਦੀਆਂ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਪਟਿਆਲਾ ਹਿੰਸਾ ਦਾ ਮੁੱਖ ਕਾਰਨ ਦੱਸਿਆ ਹੈ। ਹਿੰਦੂ ਆਗੂ ਨੇਤਾ ਨਿਸ਼ਾਂਤ ਸ਼ਰਮਾ, ਸੰਜੀਵ ਘਨੌਲੀ, ਵਿਜੈ ਭਾਰਦਵਾਜ, ਸਤੀਸ਼ ਕੁਮਾਰ, ਮਹਿੰਦਰ ਭੱਟੀ ਅਤੇ ਕੀਰਤ ਸਿੰਘ ਨੇ ਕਿਹਾ ਕਿ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੇ ਪਹਿਲਾਂ ਹੀ ਪੁਲੀਸ ਨੂੰ ਆਰੀਆ ਸਮਾਜ ਚੌਕ ਵਿੱਚ ਮਾਰਚ ਕੱਢਣ ਦੀ ਜਾਣਕਾਰੀ ਦੇ ਦਿੱਤੀ ਸੀ। ਹਿੰਸਕ ਘਟਨਾ ਕਾਲੀ ਦੇਵੀ ਮੰਦਰ ਅੱਗੇ ਵਾਪਰੀ ਹੈ, ਜੋ ਆਰੀਆ ਸਮਾਜ ਚੌਕ ਤੋਂ ਕਾਫੀ ਦੂਰ ਹੈ। ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਪਰਵਾਨਾ ਇਕ ਸਾਜ਼ਿਸ਼ ਤਹਿਤ ਕਾਲੀ ਦੇਵੀ ਮੰਦਰ ਕੋਲ ਪਹੁੰਚੇ ਅਤੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ ਖੁਫੀਆ ਵਿੰਗ ਕੋਲ ਦੋਵਾਂ ਧਿਰਾਂ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਸੀ। ਇਸ ਦੇ ਬਾਵਜੂਦ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਪੰਜਾਬ ਵਿੱਚ ਅਮਨ-ਸ਼ਾਂਤੀ ਭੰਗ ਕਰਨ ਵਾਲੇ ਸਮਾਜ-ਵਿਰੋਧੀ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।