ਗਗਨਦੀਪ ਅਰੋੜਾ
ਲੁਧਿਆਣਾ, 23 ਅਕਤੂਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਆਰੂਸਾ ਆਲਮ ਸਬੰਧੀ ਸਿਆਸੀ ਆਗੂਆਂ ਵੱਲੋਂ ਇਕ ਦੂਜੇ ’ਤੇ ਲਗਾਏ ਜਾ ਰਹੇ ਦੋਸ਼ਾਂ ਤੋਂ ਅੱਜ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੂਰੀ ਬਣਾਉਂਦੇ ਦਿਖਾਈ ਦਿੱਤੇ। ਇਸ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਬਾਜਵਾ ਨੇ ਕਿਹਾ, ‘ਮੈਂ ਤਾਂ ਆਰੂਸਾ ਆਲਮ ਨੂੰ ਮਿਲਿਆ ਤੱਕ ਨਹੀਂ ਤੇ ਨਾ ਉਨ੍ਹਾਂ ਨੂੰ ਜਾਣਦਾ ਹਾਂ। ਮੈਂ ਤਾਂ ਕਦੇ ਕੈਪਟਨ ਨਾਲ ਵੀ ਮੁਲਾਕਾਤ ਨਹੀਂ ਕੀਤੀ। ਫਿਰ ਮੈਂ ਕਿਵੇਂ ਇਸ ਮਾਮਲੇ ’ਤੇ ਕੋਈ ਟਿੱਪਣੀ ਕਰ ਸਕਦਾ ਹਾਂ।’
ਸੋਸ਼ਲ ਮੀਡੀਆ ’ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ 2-3 ਮਹੀਨਿਆਂ ਤੋਂ ਟਵਿੱਟਰ ਹੀ ਨਹੀਂ ਖੋਲ੍ਹਿਆ। ਇਸ ਮਾਮਲੇ ’ਚ ਉਹ ਕੁਝ ਨਹੀਂ ਕਹਿ ਸਕਦੇ। ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਬੀਐੱਸਐੱਫ਼ ਦੇ ਅਧਿਕਾਰ ਖੇਤਰ ਵਿੱਚ ਕੀਤੇ ਗਏ ਵਾਧੇ ਦੇ ਮੁੱਦੇ ’ਤੇ ਸੱਦੀ ਆਲ ਪਾਰਟੀ ਮੀਟਿੰਗ ਦੀ ਸ਼ਲਾਘਾ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਬੀਐੱਸਐੱਫ਼ ਨੂੰ ਜ਼ਿਆਦਾ ਅਧਿਕਾਰ ਦੇਣਾ ਫੈੱਡਰਲ ਢਾਂਚੇ ਦੇ ਖ਼ਿਲਾਫ਼ ਹੈ ਤੇ ਕੇਂਦਰ ਸਰਕਾਰ ਨੂੰ ਇਹ ਹੁਕਮ ਤੁਰੰਤ ਵਾਪਸ ਲੈਣੇ ਚਾਹੀਦੇ ਹਨ। ਉਹ ਅੱਜ ਲੁਧਿਆਣਾ ’ਚ ਇੱਕ ਪ੍ਰਾਈਵੇਟ ਸਕੂਲ ਦੇ ਸਮਾਗਮ ’ਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਜ਼ਿਕਰਯੋਗ ਹੈ ਕਿ ਆਰੂਸਾ ਆਲਮ ਦੇ ਮਾਮਲੇ ਵਿੱਚ ਵੱਖ-ਵੱਖ ਆਗੂਆਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।