ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 20 ਅਗਸਤ
ਪਟਿਆਲਾ-ਚੀਕਾ ਸੜਕ ’ਤੇ ਜੌੜੀਆਂ ਸੜਕਾਂ ਨੇੜੇ ਪਨਸਪ ਦੇ ਇੱਕ ਸੈਂਟਰ (ਥਾਣਾ ਸਦਰ ਪਟਿਆਲਾ ਅਤੇ ਹਲਕਾ ਸਨੌਰ) ਦੇ ਗੁਦਾਮ ਵਿਚੋਂ 20 ਹਜ਼ਾਰ ਅਨਾਜ ਦੀਆਂ ਬੋਰੀਆਂ ਗਾਇਬ ਕਰਕੇ ਤਿੰਨ ਕਰੋੜ ਰੁਪਏ ਦਾ ਘੁਟਾਲਾ ਕਰਨ ਦਾ ਮਾਮਲਾ ਨਸ਼ਰ ਹੋਣ ਮਗਰੋਂ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇਸ ਸੈਂਟਰ ਦਾ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਤੇ ਅਜਿਹੇ ਘਪਲੇਬਾਜ਼ਾਂ ਅਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਹੋਰ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਸਨ। ਪਨਸਪ ਦੇ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ ਮੰਤਰੀ ਨੂੰ ਦੱਸਿਆ ਕਿ ਤਿੰਨ ਕਰੋੜ ਦੀ ਠੱਗੀ ਮਾਰ ਕੇ ਭੱਜੇ ਇੰਸਪੈਕਟਰ ਗੁਰਿੰਦਰ ਸਿੰਘ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਗਿਆ ਹੈ।
ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਘੁਟਾਲੇ ’ਚ ਭਾਵੇਂ ਕੋਈ ਵੱਡਾ ਅਧਿਕਾਰੀ ਹੋਵੇ ਜਾਂ ਫੇਰ ਕੋਈ ਸਿਆਸੀ ਆਗੂ ਉਸ ਨੂੰ ਬੇਪਰਦ ਕਰਕੇ ਮਿਸਾਲੀ ਸਜ਼ਾਵਾਂ ਯਕੀਨੀ ਬਣਾਈਆਂ ਜਾਣਗੀਆਂ। ਉੱਧਰ ਡੀਐੱਸਪੀ (ਰੂਰਲ) ਗੁਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਘੁਟਾਲੇ ’ਚ ਹੋਰ ਕੌਣ-ਕੌਣ ਸ਼ਾਮਲ ਹੈ। ਇਸ ਮੌਕੇ ਪਨਸਪ ਦੇ ਜ਼ਿਲ੍ਹਾ ਮੈਨੇਜਰ ਅਮਿਤ ਕੁਮਾਰ, ਏਡੀਸੀ ਗੁਰਪ੍ਰੀਤ ਥਿੰਦ, ਡੀਐੱਫ਼ਓ ਵਿੱਦਿਆ ਸਾਗਰ ਅਤੇ ਐੱਸਡੀਐੱਮ ਇਸਮਤ ਵਿਜੇ ਸਿੰਘ ਮੌਜੂਦ ਸਨ।