ਅਜੈ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 26 ਮਈ
ਇੱਥੇ ਵਿਜੀਲੈਂਸ ਬਿਊਰੋ ਦੀ ਫ਼ਤਹਿਗੜ੍ਹ ਸਾਹਿਬ ਯੂਨਿਟ ਵੱਲੋਂ ਲੱਖਾਂ ਰੁਪਏ ਦੇ ਘਪਲੇ ਦੇ ਦੋਸ਼ ਹੇਠ ਪੰਚਾਇਤ ਵਿਭਾਗ ਦੇ ਸਕੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਮਾਮਲੇ ’ਚ ਬੀਡੀਪੀਓ ਦਫਤਰ ਫ਼ਤਹਿਗੜ੍ਹ ਸਾਹਿਬ ਦੇ ਦੋ ਜੂਨੀਅਰ ਇੰਜਨੀਅਰਾਂ ਅਤੇ ਦੋ ਸਰਪੰਚਾਂ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਰੇਲਵੇ ਵਿਭਾਗ ਵੱਲੋਂ ਗ੍ਰਾਮ ਪੰਚਾਇਤ ਪਿੰਡ ਕੋਟਲਾ ਸੁਲੇਮਾਨ ਦੀ ਕਰੀਬ 3 ਏਕੜ ਪੰਚਾਇਤੀ ਜ਼ਮੀਨ ਐਕੁਆਇਰ ਕਰਨ ਦੇ ਬਦਲੇ ਪੰਚਾਇਤ ਨੂੰ 4 ਕਰੋੜ 18 ਲੱਖ ਰੁਪਏ ਮਿਲੇ ਸਨ ਅਤੇ ਹੋਰ ਵਸੀਲਿਆਂ ਤੋਂ ਵੀ ਪੰਚਾਇਤ ਨੂੰ ਕਾਫੀ ਰਕਮ ਮਿਲੀ ਸੀ। ਪਿੰਡ ਕੋਟਲਾ ਸੁਲੇਮਾਨ ਦੇ ਸਾਬਕਾ ਸਰੰਪਚ, ਸਾਬਕਾ ਅਧਿਕਾਰਤ ਪੰਚ ਨੇ ਪੰਚਾਇਤ ਵਿਭਾਗ ਦੇ ਮੁਲਾਜ਼ਮਾਂ ਨਾਲ ਮਿਲੀਭੁਗਤ ਕਰ ਕੇ ਇਸ ਰਕਮ ਵਿੱਚ ਵੱਡੀ ਘਪਲੇਬਾਜ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਉਕਤ ਰਕਮ ਵਿੱਚੋਂ 2 ਕਰੋੜ 86 ਲੱਖ 25 ਹਜ਼ਾਰ ਰੁਪਏ ਦੇ ਪਿੰਡ ਕੋਟਲਾ ਸੁਲੇਮਾਨ ’ਚ ਕਰਵਾਏ ਵਿਕਾਸ ਕਾਰਜਾਂ ਨਾਲ ਸਬੰਧਤ ਰਜਿਸਟਰ ਖੁਰਦ-ਬੁਰਦ ਕਰਨ ਅਤੇ 20 ਲੱਖ 67 ਹਜ਼ਾਰ 68 ਰੁਪਏ ਦਾ ਘਪਲਾ ਕਰਨ ਦੇ ਤੱਥ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਸਾਬਕਾ ਸਰਪੰਚ ਤਰਲੋਚਨ ਸਿੰਘ, ਸਾਬਕਾ ਅਧਿਕਾਰਤ ਪੰਚ ਰਣਜੋਧ ਸਿੰਘ, ਦੋਵੇਂ ਵਾਸੀ ਪਿੰਡ ਕੋਟਲਾ ਸੁਲੇਮਾਨ, ਜੇਈ ਲਲਿਤ ਮੋਹਨ ਵਾਸੀ ਪੰਚਕੂਲਾ, ਜੇਈ ਲੁਕੇਸ਼ ਥੰਮਣ ਵਾਸੀ ਬਨੂੜ ਅਤੇ ਪੰਚਾਇਤ ਸਕੱਤਰ ਪਵਿੱਤਰ ਸਿੰਘ ਵਾਸੀ ਪਿੰਡ ਤਰਖਾਣਮਾਜਰਾ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ’ਚ ਲੋੜੀਂਦੇ ਪੰਚਾਇਤ ਸਕੱਤਰ ਪਵਿੱਤਰ ਸਿੰਘ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਉਪਰੋਕਤ ਜੇਈ ਲੋਕੇਸ਼ ਥੰਮਣ ਦੇ ਘਰੋਂ ਕੁਝ ਦਿਨ ਪਹਿਲਾਂ ਹੀ ਕਿਸੇ ਹੋਰ ਮਾਮਲੇ ’ਚ ਸੀਆਈਏ ਸਟਾਫ ਸਰਹਿੰਦ ਦੀ ਪੁਲੀਸ ਨੇ 42 ਲੱਖ 61 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਕੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕੀਤੀ ਸੀ।