ਮੁਹਾਲੀ (ਖੇਤਰੀ ਪ੍ਰਤੀਨਿਧ): ਪੰਚਾਇਤ ਵਿਭਾਗ ਦੇ ਬੀਡੀਪੀਓ, ਡੀਡੀਪੀਓ, ਡਿਪਟੀ ਡਾਇਰੈਕਟਰ, ਜੁਆਇੰਟ ਡਾਇਰੈਕਟਰ ਅਤੇ ਐਡੀਸ਼ਨਲ ਡਾਇਰੈਕਟਰ ਵੀ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਖਫ਼ਾ ਹਨ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਡਾਇਰੈਕਟਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੁਲਾਕਾਤ ਕਰਕੇ ਮੰਗਾਂ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੰਚਾਇਤ ਵਿਭਾਗ ਦੇ ਅਫ਼ਸਰਾਂ ਦੇ 1993 ਦੇ ਤਨਖਾਹ ਸਕੇਲ ਅਨੁਸਾਰ ਨਵਾਂ ਸਟਰਕਚਰ ਬਣਾ ਕੇ ਸਕੇਲ ਨਿਸ਼ਚਿਤ ਕੀਤੇ ਜਾਣੇ ਸਨ ਪਰ ਤਨਖਾਹ ਕਮਿਸ਼ਨ ਨੇ ਅਜਿਹਾ ਨਾ ਕਰ ਕੇ ਅਫ਼ਸਰਾਂ ਪ੍ਰਤੀ ਬੇਰੁਖੀ ਅਪਣਾਈ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਮਿਲਦੀ ਡੀਏਸੀਪੀ ਬੰਦ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ ਜੋ ਅਧਿਕਾਰੀਆਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਵਿੱਢਣਗੇ।