ਦਿਲਬਾਗ ਸਿੰਘ ਗਿੱਲ
ਅਟਾਰੀ, 19 ਸਤੰਬਰ
ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਨੇ ਸਰਹੱਦੀ ਚੌਕੀ ਪੁਲ ਮੋਰਾਂ ਨੇੜਿਓਂ ਤਿੰਨ ਪੈਕੇਟ ਹੈਰੋਇਨ, ਇੱਕ ਪਿਸਤੌਲ, ਇੱਕ ਮੈਗਜ਼ੀਨ ਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਬੀਤੀ ਰਾਤ ਸਰਹੱਦੀ ਚੌਕੀ ਪੁਲ ਮੋਰਾਂ ਨੇੜੇ ਬੀਐੱਸਐੱਫ ਦੇ ਜਵਾਨਾਂ ਨੇ ਜਦੋਂ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵੱਲ ਆ ਰਹੇ ਡਰੋਨ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਤੁਰੰਤ ਅੱਠ ਗੋਲੀਆਂ ਚਲਾਈਆਂ, ਜਿਸ ਮਗਰੋਂ ਡਰੋਨ ਤੁਰੰਤ ਵਾਪਸ ਚਲਾ ਗਿਆ। ਜਵਾਨਾਂ ਵੱਲੋਂ ਤਲਾਸ਼ੀ ਲੈਣ ’ਤੇ ਮੌਕੇ ਤੋਂ ਤਿੰਨ ਪੈਕੇਟ ਹੈਰੋਇਨ, ਇੱਕ ਪਿਸਤੌਲ, ਇੱਕ ਮੈਗਜ਼ੀਨ ਤੇ ਅੱਠ ਰੌਂਦ ਬਰਾਮਦ ਹੋਏ ਹਨ।
ਰਾਜਾਸਾਂਸੀ ਹਵਾਈ ਅੱਡੇ ਤੋਂ 6 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ
ਅੰਮ੍ਰਿਤਸਰ (ਟਨਸ): ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ ਜਾ ਰਹੇ ਇੱਕ ਭਾਰਤੀ ਨਾਗਰਿਕ ਕੋਲੋਂ ਛੇ ਕਰੋੜ ਰੁਪਏ ਤੋਂ ਵੱਧ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇਸ ਸਬੰਧ ਵਿਚ ਕਸਟਮ ਵਿਭਾਗ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹੋਈ ਵਿਦੇਸ਼ੀ ਕਰੰਸੀ ਵਿੱਚ 7,55,700 ਯੂਐੱਸ ਡਾਲਰ, 26,500 ਸਾਊਦੀ ਰਿਆਲ ਅਤੇ ਸਾਢੇ ਚਾਰ ਲੱਖ ਰੁਪਏ ਭਾਰਤੀ ਮੁੱਲ ਦੇ ਓਮਾਨ ਰਿਆਲ ਅਤੇ ਕੁਵੈਤੀ ਦੀਨਾਰ ਸ਼ਾਮਲ ਹਨ। ਇਹ ਵਿਦੇਸ਼ੀ ਕਰੰਸੀ 80 ਪੈਕੇਟਾਂ ਵਿੱਚ ਸੀ ਜਿਸ ਨੂੰ ਯਾਤਰੀ ਨੇ ਆਪਣੇ ਬੈਗ ਵਿੱਚ ਲੁਕਾਇਆ ਹੋਇਆ ਸੀ। ਮਿਲੇ ਵੇਰਵਿਆਂ ਮੁਤਾਬਕ ਇਸ ਯਾਤਰੂ ਨੇ ਦੇਰ ਰਾਤ ਨੂੰ ਦੁਬਈ ਜਾਣ ਵਾਲੀ ਹਵਾਈ ਉਡਾਣ ਰਾਹੀਂ ਵਿਦੇਸ਼ ਜਾਣਾ ਸੀ। ਇਸ ਦੌਰਾਨ ਜਦੋਂ ਹਵਾਈ ਕੰਪਨੀ ਦੇ ਕਰਮਚਾਰੀਆਂ ਵੱਲੋਂ ਯਾਤਰੂਆਂ ਦੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਇੱਕ ਵਿਅਕਤੀ ਦੇ ਸਾਮਾਨ ਵਿੱਚ ਕੁਝ ਸ਼ੱਕੀ ਚੀਜ਼ ਹੋਣ ’ਤੇ ਕਸਟਮ ਵਿਭਾਗ ਨੂੰ ਸੂਚਿਤ ਕੀਤਾ। ਜਦੋਂ ਇਹ ਯਾਤਰੂ ਸਾਮਾਨ ਦੀ ਜਾਂਚ ਅਤੇ ਇੰਮੀਗ੍ਰੇਸ਼ਨ ਜਾਂਚ ਮਗਰੋਂ ਅਗਲੇ ਪੜਾਅ ’ਤੇ ਪੁੱਜਾ ਤਾਂ ਕਸਟਮ ਵਿਭਾਗ ਨੇ ਉਸ ਨੂੰ ਰੋਕ ਲਿਆ ਤੇ ਉਸ ਵਾਧੂ ਭਾਰਤੀ ਜਾਂ ਵਿਦੇਸ਼ੀ ਕਰੰਸੀ ਹੋਣ ਬਾਰੇ ਪੁੱਛ ਪੜਤਾਲ ਕੀਤੀ ਪਰ ਉਸ ਨੇ ਕਰੰਸੀ ਹੋਣ ਤੋਂ ਨਾਂਹ ਕਰ ਦਿੱਤੀ। ਜਦੋਂ ਕਸਟਮ ਵਿਭਾਗ ਨੇ ਮੁੜ ਉਸ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਉਸ ਵੱਲੋਂ ਬੈਗ ਵਿੱਚ ਵਿਸ਼ੇਸ਼ ਥਾਂ ਬਣਾ ਕੇ ਲੁਕਾਈ ਹੋਈ ਵਿਦੇਸ਼ੀ ਕਰੰਸੀ ਬਰਾਮਦ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰੂ ਇੰਨੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਕਰੰਸੀ ਲਿਜਾਣ ਦੇ ਮਾਮਲੇ ਵਿੱਚ ਕੋਈ ਵੀ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਜਿਸ ਉਪਰੰਤ ਉਸ ਨੂੰ ਹਵਾਈ ਜਹਾਜ਼ ’ਚ ਸਵਾਰ ਹੋਣ ਤੋਂ ਰੋਕ ਲਿਆ ਗਿਆ। ਬਾਅਦ ਵਿੱਚ ਉਸ ਦੇ ਘਰ ਅਤੇ ਦੁਕਾਨ ਦੀ ਜਾਂਚ ਕੀਤੀ ਗਈ।