ਪੰਜਾਬ ’ਚ ਸ਼ੁਰੂ ਹੋ ਗਈ ਝੋਨੇ ਦੀ ਲੁਆਈ: ਪਹਿਲੇ ਦਿਨ ਹੀ ਬਿਜਲੀ ਨੇ ਕਿਸਾਨੀ ਸਤਾਈ

ਪੰਜਾਬ ’ਚ ਸ਼ੁਰੂ ਹੋ ਗਈ ਝੋਨੇ ਦੀ ਲੁਆਈ: ਪਹਿਲੇ ਦਿਨ ਹੀ ਬਿਜਲੀ ਨੇ ਕਿਸਾਨੀ ਸਤਾਈ

ਜੋਗਿੰਦਰ ਸਿੰਘ ਮਾਨ

ਮਾਨਸਾ, 10 ਜੂਨ

ਮਾਲਵਾ ਪੱਟੀ ਵਿਚ ਝੋਨੇ ਦੀ ਲੁਆਈ ਦੇ ਪਹਿਲੇ ਦਿਨ ਅੱਜ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਕਰਨ ਦਾ ਬਹੁਤੀ ਥਾਂ ਜਲੂਸ ਨਿਕਲ ਗਿਆ। ਬੇਸ਼ੱਕ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐੱਸਪੀਸੀਐੱਲ) ਨੇ ਕਿਸਾਨਾਂ ਨੂੰ 9 ਜੂਨ ਦੀ ਅੱਧੀ ਰਾਤ ਤੋਂ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਦਾਅਵੇ ਕੀਤੇ ਗਏ ਸਨ ਪਰ ਅੱਜ ਅਨੇਕਾਂ ਫੀਡਰਾਂ ਵਿਚ ਕਿਸਾਨਾਂ ਨੂੰ ਪੂਰੇ 8 ਘੰਟੇ ਦੀ ਥਾਂ ਚਾਰ ਘੰਟੇ ਵੀ ਬਿਜਲੀ ਸਪਲਾਈ ਪ੍ਰਾਪਤ ਨਹੀਂ ਹੋ ਸਕੀ। ਕਈ ਥਾਵਾਂ ’ਤੇ ਕਿਸਾਨਾਂ ਨੂੰ ਸਿਰਫ਼ 2 ਘੰਟੇ ਹੀ ਬਿਜਲੀ ਮਿਲੀ, ਉਹ ਵੀ ਲਗਾਤਾਰ ਦੀ ਬਜਾਏ ਟੁੱਟਵੀਂ ਮਿਲਦੀ ਰਹੀ। ਮਾਨਸਾ ਜ਼ਿਲ੍ਹੇ ਦੇ ਦਰਜਨਾਂ ਹੀ ਫੀਡਰਾਂ ਵਿਚ ਕਿਤੇ ਵੀ ਅੱਜ ਅੱਠ ਘੰਟੇ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਨਹੀਂ ਹੋ ਸਕੀ ਹੈ। ਕਿਸਾਨਾਂ ਨੂੰ ਸਿਰਫ਼ 2 ਤੋਂ 6 ਘੰਟੇ ਹੀ ਬਿਜਲੀ ਸਪਲਾਈ ਹੋ ਸਕੀ ਅਤੇ ਇਸ ਸ਼ਡਿਊਲ ਸਮੇਂ ਦੌਰਾਨ ਵੀ ਬਿਜਲੀ ਫਾਲਟ ਹੁੰਦੀ ਰਹੀ ਹੈ ਅਤੇ ਇਸ ਫਾਲਟ ਲਈ ਵੱਖਰੀ ਬਿਜਲੀ ਦੇਣ ਦਾ ਨਿਗਮ ਨੇ ਪਹਿਲੇ ਦਿਨ ਕੋਈ ਬੰਦੋਬਸਤ ਨਹੀਂ ਕੀਤਾ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਪਰੋਂ ਹੀ ਛੇ ਘੰਟੇ ਬਿਜਲੀ ਛੱਡਣ ਦੇ ਵਿਭਾਗੀ ਫੁਰਮਾਨ ਫਿਲਹਾਲ ਜਾਰੀ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਪਹਿਲੇ ਦਿਨ ਮਾਨਸਾ ਅਤੇ ਬੁਢਲਾਡਾ ਗਰਿੱਡ ਤੋਂ ਰਾਤ ਦੇ 10 ਵਜੇ ਤੋਂ ਚੱਲਕੇ ਢਾਈ ਘੰਟਿਆਂ ਬਾਅਦ ਹੀ ਬੰਦ ਹੋ ਗਈ, ਜੋ ਮੁੜਕੇ ਸਵੇਰ ਤੱਕ ਨਹੀਂ ਆਈ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਤਰ੍ਹਾਂ ਬੋੜਾਵਾਲ, ਬਰੇਟਾ, ਧਲੇਵਾਂ, ਭੀਖੀ, ਬੋਹਾ, ਚੱਕ ਅਲੀਸ਼ੇਰ, ਕਿਸ਼ਨਗੜ੍ਹ, ਦਾਤੇਵਾਸ, ਕੁਲਰੀਆਂ ਗਰਿੱਡਾਂ ਤੋਂ ਸਪਲਾਈ ਤਿੰਨ-ਚਾਰ ਘੰਟੇ ਹੀ ਬਿਜਲੀ ਦਿੱਤੀ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਅੰਕੜਿਆਂ ਅਨੁਸਾਰ ਦੱਸਿਆ ਕਿ ਪਹਿਲੇ ਦਿਨ 8 ਘੰਟਿਆਂ ਦੀ ਥਾਂ 4 ਘੰਟੇ ਹੀ ਬਿਜਲੀ ਸਪਲਾਈ ਮਿਲ ਸਕੀ ਹੈ ਪਰ ਕਿਸਾਨਾਂ ਨੂੰ ਖੇਤ ਵਿੱਚ ਕੱਦੂ ਕਰਨ ਲਈ ਜਨਰੇਟਰ ਦਾ ਸਹਾਰਾ ਲੈਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਰੱਲਾ,ਰੜ੍ਹ,ਬੋਹੜਾਂਵਾਲਾ, ਸਿੰਘਆਣਾਂ,ਲੱਧੜਵਾਲਾ,ਮਾਖਾ,ਭੁਪਾਲ,ਅਨੂਪਗੜ੍ਹ,ਜ਼ੋਗਾ ਦਿਹਾਤੀ,ਉਭਾ ਫੀਡਰਾਂ ਤੋਂ ਕਿਸਾਨਾਂ ਨੂੰ 4 ਘੰਟੇ ਹੀ ਬਿਜਲੀ ਮਿਲ ਸਕੀ ਹੈ। ਇਸੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ‘ਚੋਂ ਇਹ ਵੇਰਵੇ ਪ੍ਰਾਪਤ ਹੋਏ ਹਨ ਕਿ ਕਿਸਾਨਾਂ ਨੇ ਅੱਜ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਝੋਨੇ ਦੀ ਲੁਆਈ ਸਬੰਧੀ ਕੀਤੇ ਐਲਾਨ ਦਾ ਲਾਹਾ ਧੱਕਦਿਆਂ ਝੋਨਾ ਲਾਉਣਾ ਆਰੰਭ ਕਰ ਦਿੱਤਾ ਹੈ। ਪਿੰਡਾਂ ਵਿਚ ਕਿਸਾਨਾਂ ਨੇ ਅੱਜ ਪਹਿਲੇ ਦਿਨ ਪੰਜਾਬੀ ਲੇਬਰ ਨਾਲ ਝੋਨੇ ਨੂੰ ਲਾਇਆ, ਜਦੋਂ ਕਿ ਪਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਅਜੇ ਬਹੁਤੇ ਨਜ਼ਰ ਨਹੀਂ ਆਏ। ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਭੀਖੀ ਅਤੇ ਕੋਟਧਰਮੂ ਫੀਡਰਾਂ ਵਿਚ ਕਿਸਾਨਾਂ ਨੂੰ ਲੋੜੀਂਦੇ 8 ਘੰਟੇ ਏ.ਪੀ ਪਾਵਰ ਨਹੀਂ ਦਿੱਤੀ ਗਈ, ਜਿਸ ਕਾਰਨ ਝੋਨਾ ਲਾਉਣ ਲਈ ਡੀਜ਼ਲ ਮਚਾਉਣਾ ਪਿਆ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਮਾਨਸਾ ਸਥਿਤ ਸੀਨੀਅਰ ਕਾਰਜਕਾਰੀ ਇੰਜਨੀਅਰ ਸਾਹਿਲ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆਂ ਕਿ ਕਈ ਫੀਡਰਾਂ ਤੋਂ ਕਿਸਾਨਾਂ ਲਈ ਪੂਰੀ ਬਿਜਲੀ ਸਪਲਾਈ ਨਹੀਂ ਮਿਲੀ ਸਕੀ। ਉਨ੍ਹਾਂ ਕਿਹਾ ਕਿ ਅਜਿਹਾ ਉਪਰੋਂ ਲੱਗੇ ਪਾਵਰ ਕੱਟਾਂ ਕਾਰਨ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All