ਚਰਨਜੀਤ ਭੁੱਲਰ
ਚੰਡੀਗੜ੍ਹ, 22 ਜੁਲਾਈ
ਪੰਜਾਬ ’ਚ ਐਤਕੀਂ ਕੰਮੀਆਂ ਦੇ ਵਿਹੜੇ ’ਚ ਦੀਪ ਜਗੇ ਹਨ। ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜੇ ’ਚ ਕਿਸੇ ਦਾ ਪਹਿਲਾ, ਕਿਸੇ ਦਾ ਦੂਜਾ ਤੇ ਕਿਸੇ ਦਾ ਤੀਜਾ ਨੰਬਰ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਬਾਜੇਵਾਲਾ ਦੇ ਰਵੀ ਸਿੰਘ ਨੇ ਘਰ ’ਚ ਗ਼ੁਰਬਤ ਕਾਰਨ ਖ਼ੁਦ ਪੜ੍ਹਾਈ ਛੱਡ ਦਿੱਤੀ ਤੇ ਆਪਣੀਆਂ ਭੈਣਾਂ ਨੂੰ ਪੜ੍ਹਾਉਣ ਦਾ ਫ਼ੈਸਲਾ ਕੀਤਾ। ਉਸ ਨੇ ਭੈਣਾਂ ਦੀ ਪੜ੍ਹਾਈ ਲਈ ਹਲਵਾਈ ਦੀ ਦੁਕਾਨ ’ਤੇ ਦਿਹਾੜੀ ਸ਼ੁਰੂ ਕਰ ਦਿੱਤੀ। ਜਸਪ੍ਰੀਤ ਕੌਰ ਨੇ ਬਾਰ੍ਹਵੀਂ ’ਚੋਂ 450 ’ਚੋਂ 448 ਨੰਬਰ ਹਾਸਲ ਕੀਤੇ ਹਨ। ਭਰਾ ਰਵੀ ਸਿੰਘ ਨੂੰ ਲੱਗਾ ਕਿ ਉਸ ਦੀ ਸੁਫਨੇ ਨੂੰ ਬੂਰ ਪੈਣ ਲੱਗਾ ਹੈ। ਮੁਹਾਲੀ ਦੇ ਪਿੰਡ ਕਨੌਲੀ ਦੀ ਰਜ਼ੀਆ ਨੇ ਆਪਣਾ ਹੁਨਰ ਦਿਖਾ ਦਿੱਤਾ। ਬਾਪ ਮਿੱਟੀ ਦੇ ਭਾਂਡੇ ਇੰਝ ਬਣਾਉਂਦਾ ਹੈ ਜਿਵੇਂ ਕਲਾ ਦਾ ਜਾਦੂਗਰ ਹੋਵੇ। ਇਸ ਬਾਪ ਦੀ ਧੀ ਰਜ਼ੀਆ ਨੇ ਬਾਰ੍ਹਵੀਂ ਕਲਾਸ ’ਚੋਂ 81.1 ਫ਼ੀਸਦੀ ਅੰਕ ਹਾਸਲ ਕੀਤੇ ਹਨ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਕਿਸ਼ਨਪੁਰਾ ਦੀ ਕਿਰਨਜੀਤ ਕੌਰ ਨੇ 97.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਨੰਬਰ ਹਾਸਲ ਕੀਤਾ ਹੈ। ਬਾਪ ਬਲਜੀਤ ਸਿੰਘ ਆਪਣੀ ਧੀ ਨੂੰ ਪੜ੍ਹਾਉਣ ਲਈ ਵਿਆਹ ਸ਼ਾਦੀਆਂ ਵਿਚ ਵੇਟਰ ਵਜੋਂ ਕੰਮ ਕਰ ਰਿਹਾ ਹੈ। ਬਰਨਾਲਾ ਦੇ ਪਿੰਡ ਧੌਲਾ ਦੇ ਸਰਕਾਰੀ ਸਕੂਲ ਦੀ ਹਰਪ੍ਰੀਤ ਕੌਰ ਨੇ 98.22 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ। ਬਾਪ ਪਿੰਡ ਵਿੱਚ ਸੀਰੀ ਰਲਦਾ ਹੈ, ਜਿਸ ਦੀ ਕਿਰਤ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ।
ਬਰਨਾਲਾ ਜ਼ਿਲ੍ਹੇ ਦੇ ਸੰਤ ਰਾਮ ਉਦਾਸੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਦੀ ਵਿਦਿਆਰਥਣ ਗਗਨਦੀਪ ਕੌਰ ਨੇ 97.78 ਨੇ ਅੰਕ ਪ੍ਰਾਪਤ ਕਰਕੇ ਮਰਹੂਮ ਕਵੀ ਉਦਾਸੀ ਦੇ ਬੋਲਾਂ ਨੂੰ ਆਵਾਜ਼ ਦੇ ਦਿੱਤੀ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨੌਲੱਖਾ ਦਾ ਹਰਸੰਗੀਤ ਸਿੰਘ ਉਦੋਂ ਛੇਵੀਂ ਕਲਾਸ ਵਿੱਚ ਸੀ ਜਦੋਂ ਬਾਪ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਸ ਨੇ ਹੌਸਲਾ ਨਾ ਛੱਡਿਆ ਅਤੇ ਸ਼ਿੱਦਤ ਨਾਲ ਪੜ੍ਹਾਈ ਕੀਤੀ। ਹੁਣ ਉਸ ਨੇ 81.11 ਫ਼ੀਸਦੀ ਅੰਕ ਲਏ ਤਾਂ ਮਾਂ ਦੀਆਂ ਅੱਖਾਂ ’ਚੋਂ ਖ਼ੁਸ਼ੀ ਦੇ ਹੰਝੂ ਵਹਿ ਤੁਰੇ।
ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਦੀ ਗਗਨਦੀਪ ਕੌਰ ਨੇ ਪਹਿਲਾਂ ਕੌਮੀ ਬਾਕਸਿੰਗ ‘ਚ ਮੱਲ ਮਾਰੀ ਅਤੇ ਹੁਣ ਬਾਰ੍ਹਵੀਂ ਕਲਾਸ ‘ਚ 450 ਚੋਂ 440 ਅੰਕ ਪ੍ਰਾਪਤ ਕੀਤੇ। ਬਾਪ ਜਗਰੂਪ ਸਿੰਘ ਕਿੱਤੇ ਵਜੋਂ ਉਸਾਰੀ ਕਾਮਾ ਹੈ। ਜਲੰਧਰ ਦੇ ਨਹਿਰੂ ਗਾਰਡਨ ਸਕੂਲ ਦੀ ਧਾਰਾ ਵਿਸ਼ਨੂੰ ਪ੍ਰਿਆ ਨੇ ਨਾਨ ਮੈਡੀਕਲ ’ਚੋਂ 98.44 ਫ਼ੀਸਦੀ ਅੰਕ ਲਏ ਹਨ। ਬਾਪ ਗੁਜ਼ਰ ਗਿਆ ਤਾਂ ਮਾਂ ਨੇ ਧੀ ਖ਼ਾਤਰ ਘਰਾਂ ਵਿਚ ਪੋਚੇ ਲਾਏ। ਨਤੀਜਾ ਆਇਆ ਤਾਂ ਮਾਂ ਨੂੰ ਲੱਗਾ ਕਿ ਦੁੱਖ ਧੋਤੇ ਗਏ।
ਜ਼ੀਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਮਾਰਟ ਸਕੂਲ) ਦੀ ਵਿਦਿਆਰਥਣ ਪੂਜਾ ਨੇ 450 ’ਚੋਂ 423 ਅੰਕ ਲਏ ਹਨ। ਪਿਤਾ ਦਿਹਾੜੀਦਾਰ ਕਾਮਾ ਹੈ। ਉਸ ਨੇ ਮਾਪਿਆਂ ਦਾ ਸਿਰ ਉੱਚਾ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ਪਿੰਡ ਚੱਕ ਬਨਵਾਲਾ ਸਕੂਲ ਦੀ ਵੀਨੂੰ ਨੇ 450 ’ਚੋਂ 449 ਅੰਕ ਲਏ ਹਨ। ਪਿਤਾ ਰਾਜ ਕੁਮਾਰ ਵੱਲੋਂ ਵਹਾਇਆ ਪਸੀਨਾ ਹੁਣ ਆਸ ਆ ਗਿਆ ਹੈ।
ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੱਲਾਂ ਮਾਰਨ ਵਾਲੇ ਇਨ੍ਹਾਂ ਬੱਚਿਆਂ ਦੀ ਸਫਲਤਾ ਲਈ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਸੌ ਫ਼ੀਸਦੀ ਨੰਬਰ ਦਿੱਤੇ ਹਨ। ਉਨ੍ਹਾਂ ਕਿਹਾ ਬੱਚਿਆਂ ਨੂੰ ਮਹਿਕਮੇ ਤਰਫ਼ੋਂ ਬਣਦਾ ਮਾਣ ਦੇਣ ਲਈ ਇੱਕ ਨਵੀਂ ਤਜਵੀਜ਼ ਬਣਾ ਰਹੇ ਹਨ।
ਵਾਲੀਬਾਲ ਖਿਡਾਰਨ ਦੀ ਪੜ੍ਹਾਈ ਵਿੱਚ ਵੀ ਝੰਡੀ; ਸੌ ਫੀਸਦੀ ਅੰਕ ਲਏ
ਬਠਿੰਡਾ (ਸ਼ਗਨ ਕਟਾਰੀਆ): ਬਠਿੰਡਾ ਜ਼ਿਲ੍ਹੇ ਦੇ ਨਗਰ ਸਿਵੀਆਂ ਦੀ ਧੀ ਹਰਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਾਜ਼ਾ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ’ਚ ਆਰਟਸ ਗਰੁੱਪ ਵਿਚੋਂ ਸੌ ਫੀਸਦੀ ਨੰਬਰ ਲੈ ਕੇ ਜਨਮ ਮੌਕੇ ਧੀਆਂ ਨੂੰ ‘ਪੱਥਰ’ ਕਹਿ ਕੇ ਕੋਸਣ ਵਾਲੇ ਲੋਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਪਿਤਾ ਗੁਰਦਿਆਲ ਸਿੰਘ ਤੇ ਮਾਤਾ ਕਰਮਜੀਤ ਕੌਰ ਦੇ ਘਰ ਜਨਮੀ 18 ਵਰ੍ਹਿਆਂ ਦੀ ਹਰਪ੍ਰੀਤ ਕੌਮੀ ਪੱਧਰ ’ਤੇ ਵਾਲੀਬਾਲ ਦੀ ਗੋਲਡ ਮੈਡਲਿਸਟ ਖਿਡਾਰਨ ਹੈ। ਹਰਪ੍ਰੀਤ ਦੇ ਪਿਤਾ ਮੱਧਵਰਗੀ ਕਿਸਾਨ ਅਤੇ ਮਾਤਾ ਘਰੇਲੂ ਕੰਮਕਾਜ ਕਰਦੇ ਹਨ। ਤਿੰਨ ਵੱਡੀਆਂ ਭੈਣਾਂ ਅਤੇ ਇਕ ਛੋਟੇ ਵੀਰ ਦੀ ਵਿਚਕਾਰਲੀ ਭੈਣ ਹਰਪ੍ਰੀਤ ਨੇ ਮੈਟ੍ਰਿਕ ਤੱਕ ਦੀ ਤਾਲੀਮ ਆਪਣੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚੋਂ ਹਾਸਲ ਕੀਤੀ। ਗਿਆਰ੍ਹਵੀਂ ਦੀ ਪੜ੍ਹਾਈ ਉਸ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦੇ ਸੰਤ ਮੋਹਣ ਦਾਸ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਕੀਤੀ। ਹੁਣ ਬਾਰ੍ਹਵੀਂ ਦੀ ਪ੍ਰੀਖ਼ਿਆ ਵੀ ਉਸ ਨੇ ਇਸੇ ਸਕੂਲ ਰਾਹੀਂ ਹੀ ਦਿੱਤੀ। ਅੰਗਰੇਜ਼ੀ ਨੂੰ ਹਰਪ੍ਰੀਤ ਆਪਣਾ ਦਿਲਚਸਪ ਵਿਸ਼ਾ ਦੱਸਦੀ ਹੈ। ਖਿਡਾਰਨ ਵਜੋਂ ਉੱਚ ਮੁਕਾਮ ਛੂਹ ਕੇ ਨਾਮਣਾ ਖੱਟਣ ਵਾਲੀ ਹਰਪ੍ਰੀਤ ਕੌਰ ਖੇਡਾਂ ਦੇ ਖੇਤਰ ਲਈ ਆਪਣਾ ਪ੍ਰੇਰਣਾ ਸਰੋਤ ਸਿਵੀਆਂ ਸਕੂਲ ’ਚ ਤਾਇਨਾਤ ਡੀਪੀਈ ਹਰਪ੍ਰੀਤ ਸਿੰਘ ਨੂੰ ਮੰਨਦੀ ਹੈ। ਹਰਪ੍ਰੀਤ ਦਾ ਇਰਾਦਾ ਹੈ ਕਿ ਉਹ ਉੱਚ-ਸਿੱਖਿਆ ਹਾਸਲ ਕਰਕੇ ਭਾਰਤੀ ਸੈਨਾ ਵਿਚ ਭਰਤੀ ਹੋਵੇ। ਦੇਸ਼ ਦੀ ਰੱਖਿਆ ਲਈ ਮਿਸਾਲੀ ਭੂਮਿਕਾ ਅਦਾ ਕਰਨ ਦਾ ਜਜ਼ਬਾ ਉਸ ਦੇ ਮਨ ਵਿਚ ਠਾਠਾਂ ਮਾਰਦਾ ਹੈ।