ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਜੁਲਾਈ
ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਰੋਨਾ ਨਾਲ ਮਰੇ ਦੋ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਬਦਲੇ ਜਾਣ ਦੇ ਮਾਮਲੇ ’ਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮੈਜਿਸਟਰੇਟੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਮ੍ਰਿਤਕ ਔਰਤ ਦੀ ਲਾਸ਼ ਅੱਜ ਵਾਪਸ ਮਿਲਣ ’ਤੇ ਸਸਕਾਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਥੇ ਪਦਮਾ ਵਾਸੀ ਅੰਮ੍ਰਿਤਸਰ ਅਤੇ ਪ੍ਰੀਤਮ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਰੋਨਾ ਕਾਰਨ ਮੌਤ ਹੋ ਗਈ ਸੀ। ਸ਼ਨਿਚਰਵਾਰ ਨੂੰ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮ੍ਰਿਤਕ ਦੇਹਾਂ ਸੌਂਪ ਦਿੱਤੀਆਂ ਗਈਆਂ। ਇਸ ਦੌਰਾਨ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਜਦੋਂ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਦਾ ਸਸਕਾਰ ਕਰਨ ਲੱਗੇ ਤਾਂ ਇਕ ਮੈਂਬਰ ਨੇ ਮ੍ਰਿਤਕ ਦਾ ਚਿਹਰਾ ਦੇਖਣ ਦੀ ਇੱਛਾ ਪ੍ਰਗਟਾਈ। ਜਦੋਂ ਉਨ੍ਹਾਂ ਨੇ ਕਿਸੇ ਹੋਰ ਦੀ ਲਾਸ਼ ਦੇਖੀ ਤਾਂ ਉਹ ਘਬਰਾ ਗਏ। ਇਹ ਲਾਸ਼ ਪ੍ਰੀਤਮ ਸਿੰਘ ਦੀ ਥਾਂ ਕਿਸੇ ਔਰਤ ਦੀ ਸੀ। ਦੂਜੇ ਪਾਸੇ ਅੰਮ੍ਰਿਤਸਰ ਵਿਚ ਪ੍ਰੀਤਮ ਸਿੰਘ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ ਸੀ।
ਮ੍ਰਿਤਕ ਪਦਮਾ ਦੇ ਪਿਤਾ ਦਵਿੰਦਰ ਹੀਰਾ ਨੇ ਆਖਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਅੱਜ ਆਖਿਆ ਗਿਆ ਸੀ ਕਿ ਉਹ ਸ਼ਮਸ਼ਾਨਘਾਟ ਪੁੱਜਣ, ਜਿੱਥੇ ਪਦਮਾ ਦੀ ਮ੍ਰਿਤਕ ਦੇਹ ਨੂੰ ਟਾਂਡਾ ਤੋਂ ਸਸਕਾਰ ਲਈ ਲਿਆਂਦਾ ਗਿਆ ਸੀ। ਇਸ ਮਗਰੋਂ ਪਰਿਵਾਰ ਨੇ ਉਸ ਦਾ ਸਸਕਾਰ ਕਰ ਦਿੱਤਾ।
ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਨੇ ਮੈਜਿਸਟਰੇਟੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੀ ਜਾਂਚ ਐੱਸਡੀਐੱਮ ਡਾ. ਸ਼ਿਵਰਾਜ ਬੱਲ ਨੂੰ ਸੌਂਪੀ ਗਈ ਹੈ। ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਜਾਂਚ ਲਈ ਕਮੇਟੀ ਬਣਾਈ ਗਈ ਹੈ ਤੇ ਦੋ ਦਰਜਾ ਚਾਰ ਕਰਮਚਾਰੀ ਮੁਅੱਤਲ ਕੀਤੇ ਗਏ ਹਨ।