ਪੱਤਰ ਪ੍ਰੇਰਕ
ਬਠਿੰਡਾ, 29 ਸਤੰਬਰ
ਸਿਵਲ ਹਸਪਤਾਲ ਬਠਿੰਡਾ ਵਿਚ ਬਿਨਾਂ ਦਰਵਾਜ਼ੇ ਦੇ ਚੱਲ ਰਹੇ ਅਪਰੇਸ਼ਨ ਥੀਏਟਰ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵੱਲੋਂ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਇੱਕ ਦਿਨ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਹੁਣ ਅਪਰੇਸ਼ਨ ਥੀਏਟਰ ਦੇ ਪ੍ਰਵੇਸ਼ ਦੁਆਰ ’ਤੇ ਨਵਾਂ ਦਰਵਾਜ਼ਾ ਲਗਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਪਰੇਸ਼ਨ ਥੀਏਟਰ ਦਾ ਦਰਵਾਜ਼ਾ ਟੁੱਟਿਆ ਹੋਣ ਦੇ ਬਾਵਜੂਦ ਮਰੀਜ਼ਾਂ ਦੇ ਅਪਰੇਸ਼ਨ ਕੀਤੇ ਜਾ ਰਹੇ ਸਨ ਜਦਕਿ ਨਿਯਮਾਂ ਅਨੁਸਾਰ ਅਪਰੇਸ਼ਨ ਥੀਏਟਰ (ਓਟੀ) ਦਾ ਦਰਵਾਜ਼ਾ ਖੁੱਲ੍ਹਾ ਨਹੀਂ ਹੋਣਾ ਚਾਹੀਦਾ। ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰ ਸਿੰਘ ਨੇ ਕਿਹਾ ਕਿ ਅਪਰੇਸ਼ਨ ਥੀਏਟਰ ਵਿੱਚ ਨਵਾਂ ਦਰਵਾਜ਼ਾ ਲਗਵਾ ਦਿੱਤਾ ਗਿਆ ਹੈ ਅਤੇ ਅਪਰੇਸ਼ਨ ਨਿਯਮਾਂ ਅਨੁਸਾਰ ਕੀਤੇ ਜਾ ਰਹੇ ਹਨ।