ਨਿੱਜੀ ਪੱਤਰ ਪ੍ਰੇਰਕ
ਨਾਭਾ, 8 ਸਤੰਬਰ
ਨਾਭਾ ਸਦਰ ਪੁਲੀਸ ਥਾਣੇ ’ਚ ਹਿਰਾਸਤੀ ਮੌਤ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ ਲੈਣ ਮਗਰੋਂ ਪੁਲੀਸ ਨੇ ਅਣਗਹਿਲੀ ਵਰਤਣ ਦੇ ਦੋਸ਼ ਹੇਠ ਇੱਕ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਹੋਰ ਤਿੰਨਾਂ ਖ਼ਿਲਾਫ਼ ਵਿਭਾਗੀ ਕਾਰਵਾਈ ਆਰੰਭ ਦਿੱਤੀ ਗਈ ਹੈ। ਐੱਸਐੱਸਪੀ ਪਟਿਆਲਾ ਦੀਪਕ ਪਾਰਿਖ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਨਿਆਂਇਕ ਪੜਤਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਬੂਟਾ ਸਿੰਘ ਵਾਸੀ ਫੈਜ਼ਗੜ੍ਹ ਨੂੰ ਨਾਭਾ ਸਦਰ ਪੁਲੀਸ ਨੇ ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ, ਪਰ ਪੁਲੀਸ ਹਿਰਾਸਤ ’ਚ ਮੁਲਜ਼ਮ ਨੇ ਫਾਹਾ ਲੈ ਲਿਆ ਸੀ। ਇਸ ਸਬੰਧੀ ਖਬਰਾਂ ਦੇ ਆਧਾਰ ’ਤੇ ਕਮਿਸ਼ਨ ਦੇ ਮੈਂਬਰ ਜਸਟਿਸ ਨਿਰਮਲਜੀਤ ਕੌਰ ਨੇ ਸਵੈ ਪ੍ਰੇਰਿਤ ਨੋਟਿਸ ਲੈਂਦਿਆਂ ਐੱਸਐੱਸਪੀ ਪਟਿਆਲਾ ਨੂੰ ਅਗਲੀ ਪੇਸ਼ੀ ਤੋਂ ਪਹਿਲਾਂ ਰਿਪੋਰਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦੇ ਹਨ।