ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਲੁਧਿਆਣਾ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਘੁੰਗਰਾਣਾ ਅਤੇ ਕਿਲਾ ਰਾਏਪੁਰ ਸਥਿਤ ਖੁਸ਼ਕ ਬੰਦਰਗਾਹ ’ਤੇ ਛਾਪਾ ਮਾਰ ਕੇ ਹਿੰਦ ਟਰਮੀਨਲਜ਼ ਦੇ ਇਨਲੈਂਡ ਕੰਟੇਨਰ ਡੀਪੂ ਦੇ 10 ਕੰਟੇਨਰ ਕਾਬੂ ਕੀਤੇ ਹਨ, ਜਿਨ੍ਹਾਂ ’ਚ ਕਬਾੜ ਦੇ ਨਾਂ ’ਤੇ ਸੁੱਕੀਆਂ ਖਜੂਰਾਂ ਲੱਦੀਆਂ ਹੋਈ ਸਨ। ਸਵਾ ਕਰੋੜ ਰੁਪਏ ਦੀਆਂ ਇਹ ਖਜੂਰਾਂ ਦੁਬਈ ਤੋਂ ਦਰਾਮਦ ਕੀਤੀਆਂ ਦੱਸੀਆਂ ਜਾ ਰਹੀਆਂ ਹਨ। ਐਡੀਸ਼ਨਲ ਡਾਇਰੈਕਟਰ ਜਨਰਲ ਨਿਤਿਨ ਸੈਨੀ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ। ਭਾਵੇਂ ਇਲਾਕੇ ਦੀ ਪੁਲੀਸ ਤੇ ਡਾਇਰੈਕਟੋਰੇਟ ਦੇ ਅਧਿਕਾਰੀ ਹਾਲ ਦੀ ਘੜੀ ਉਕਤ ਆਪਰੇਸ਼ਨ ਬਾਰੇ ਚੁੱਪ ਹਨ ਪਰ ਸੂਤਰਾਂ ਅਨੁਸਾਰ ਧਾਤੂ ਦਾ ਕਬਾੜ ਦੱਸ ਕੇ ਖਾਣ ਵਾਲੀ ਸਮੱਗਰੀ ਨੂੰ ਦਰਾਮਦ ਕਰਵਾਉਣ ਪਿੱਛੇ ਕਿਸੇ ਅੰਤਰਰਾਸ਼ਟਰੀ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ।