ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਸਤੰਬਰ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਨਾਗਰਿਕ ਅਰੂਸਾ ਆਲਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸ ਹੈਸੀਅਤ ਵਿਚ ਪੰਜਾਬ ਦੇ ਮਾਮਲਿਆਂ ਵਿਚ ਕਥਿਤ ਦਖ਼ਲਅੰਦਾਜ਼ੀ ਕਰਨ ਲਈ ਪੰਜਾਬ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਹੈ। ਇਸ ਦੀ ਜਾਂਚ ਕਰਾਉਣ ਲਈ ਉਹ ਪਾਰਲੀਮੈਂਟ ਵਿਚ ਮੁੱਦਾ ਉਠਾਉਣਗੇ। ਉਨ੍ਹਾਂ ਅੱਜ ਪ੍ਰੈੱਸ ਕਾਨਫ਼ਰੰਸ ਵਿਚ ਅਰੂਸਾ ਆਲਮ ਬਾਰੇ ਬਿਆਨ ਉਸ ਸੰਦਰਭ ਵਿਚ ਦਿੱਤਾ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਦੇਸ਼ੀ ਏਜੰਸੀਆਂ ਦੇ ਹੱਥਾਂ ਵਿਚ ਖੇਡਣ ਦੇ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਕੌਮੀ ਪੱਧਰੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਹਨ, ਜਿਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਹੈ, ਇਸ ਕਰਕੇ ਉਸ ਨੂੰ ਹੱਕ ਹੈ ਕਿ ਉਹ ਪੰਜਾਬ ਦੇ ਮਸਲਿਆਂ ਬਾਰੇ ਬੋਲੇ ਪਰ ਕੈਪਟਨ ਇਹ ਜ਼ਰੂਰ ਦੱਸਣ ਕਿ ਭਾਰਤ ਦੇ ਦੁਸ਼ਮਣ ਪਾਕਿਸਤਾਨ ਦੀ ਨਾਗਰਿਕ ਤੋਂ ਪੰਜਾਬ ਸਰਕਾਰ ਵਿਚ ਕਿਸ ਹੈਸੀਅਤ ਵਿਚ ਦਖ਼ਲ ਅੰਦਾਜ਼ੀ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਤੇ ਉਸ ’ਤੇ ਅਪਰਾਧਿਕ ਧਾਰਾਵਾਂ ਲਗਾ ਕੇ ਜੇਲ੍ਹ ਭੇਜਿਆ ਜਾਵੇ। ਇਸ ਵੇਲੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਨ ਸਭਾ ਪੰਜਾਬ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ, ਨੀਨਾ ਮਿੱਤਲ, ਹਰਚੰਦ ਬਰਸਟ, ਜੇਪੀ ਸਿੰਘ, ਮੇਜਰ ਮਲਹੋਤਰਾ, ਤੇਜਿੰਦਰ ਮਹਿਤਾ, ਗਗਨ ਚੱਢਾ, ਮੇਘ ਚੰਦ ਸ਼ੇਰਮਾਜਰਾ, ਚੇਤਨ ਜੌੜੇਮਾਜਰਾ ਹੋਰ ਕਈ ਸਾਰੇ ਆਗੂ ਹਾਜ਼ਰ ਸਨ।