ਬਲਵਿੰਦਰ ਰੈਤ
ਨੂਰਪੁਰ ਬੇਦੀ, 30 ਮਾਰਚ
ਨੂਰਪੁਰ ਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਸਥਿਤ ਭਾਰਤੀ ਸਟੇਟ ਬੈਂਕ (ਏ.ਡੀ.ਬੀ. ਬ੍ਰਾਂਚ) ਦੀ ਇਮਾਰਤ ਨੂੰ ਪਿੱਛਲੇ ਪਾਸਿਓਂ ਸੰਨ੍ਹ ਲਾ ਕੇ ਚੋਰਾਂ ਨੇ ਗਾਹਕਾਂ ਦਾ ਲੱਖਾਂ ਦੀ ਕੀਮਤ ਦਾ ਸੋਨਾ ਚੋਰੀ ਕਰ ਲਿਆ। ਬੈਂਕ ਪ੍ਰਬੰਧਕ ਸਵੇਰ ਤੋਂ ਹੀ ਚੋਰੀ ਹੋਏ ਸੋਨੇ ਸਬੰਧੀ ਪਤਾ ਲਗਾਉਣ ਲਈ ਜੁੱਟੇ ਹੋਏ ਹਨ। ਅੱਜ ਸਵੇਰੇ ਜਦੋਂ ਬੈਂਕ ਦਾ ਸਟਾਫ਼ 2 ਦਿਨਾਂ ਦੀ ਛੁੱਟੀ ਮਗਰੋਂ ਬੈਂਕ ’ਚ ਦਾਖਲ ਹੋਇਆ ਤਾਂ ਉਨ੍ਹਾਂ ਦੇਖਿਆ ਕਿ ਬੈਂਕ ਦੀ ਕੰਧ ਨੂੰ ਸੰਨ੍ਹ ਲਗਾ ਕੇ ਵੱਡਾ ਸੁਰਾਖ ਕੀਤਾ ਹੋਇਆ ਸੀ।
ਇਸ ਘਟਨਾ ਸਬੰਧੀ ਬੈਂਕ ਦੇ ਸਟਾਫ ਨੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਸਥਾਨਕ ਪੁਲੀਸ ਨੂੰ ਵੀ ਤੁਰੰਤ ਇਸ ਘਟਨਾ ਦੀ ਜਾਣਕਾਰੀ ਦਿੱਤੀ। ਬੈਂਕ ਦੇ ਚੀਫ ਮੈਨੇਜਰ ਵਿਜੇ ਮੱਕੜ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਇਸ ਬੈਂਕ ਦੀ ਸੇਫ਼ ’ਚੋਂ ਚੋਰਾਂ ਨੇ ਗਾਹਕਾਂ ਦਾ ਸੋਨਾ ਚੋਰੀ ਕਰ ਲਿਆ ਹੈ। ਇਸ ਸਬੰਧੀ ਮੁਕੰਮਲ ਜਾਣਕਾਰੀ ਸਵੇਰੇ ਤੱਕ ਦੇ ਦਿੱਤੀ ਜਾਵੇਗੀ। ਪੁਲੀਸ ਨੇ ਬੈਂਕ ਮੈਨੇਜਰ ਦੇ ਬਿਆਨਾਂ ’ਤੇ ਨਾਮਲੂਮ ਵਿਅਕਤੀਆਂ ਖਿਲਾਫ਼ ਆਈ.ਪੀ.ਸੀ.ਦੀ ਧਾਰਾ 380 ਅਤੇ 457 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੈਂਕ ’ਚ ਐਤਵਾਰ ਤੇ ਸੋਮਵਾਰ ਦੀ ਛੁੱਟੀ ਸੀ। ਇਸ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਐਤਵਾਰ ਰਾਤ ਨੂੰ ਵਾਰਦਾਤ ਨੂੰ ਅੰਜ਼ਾਮ ਦਿੱਤਾ। ਰੂਪਨਗਰ ਤੋਂ ਮੌਕੇ ’ਤੇ ਪਹੁੰਚੇ ਐੱਸ.ਪੀ.(ਡੀ) ਰੂਪਨਗਰ ਅਜਿੰਦਰ ਸਿੰਘ ਤੇ ਡੀ.ਐੱਸ.ਪੀ. (ਡੀ) ਵਰਿੰਦਰਜੀਤ ਸਿੰਘ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।
ਚੋਰੀ ਬਾਰੇ ਪਤਾ ਲੱਗਣ ’ਤੇ ਗਾਹਕਾਂ ਨੂੰ ਹੱਥਾਂ-ਪੈਰਾਂ ਦੀ ਪਈ
ਬੈਂਕ ’ਚ ਚੋਰੀ ਦੀ ਵਾਰਦਾਤ ਸਬੰਧੀ ਜਦੋਂ ਲੋਕਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ। ਜ਼ਿਕਰਯੋਗ ਹੈ ਕਿ ਉਕਤ ਬੈਂਕ ਸ਼ਹਿਰ ਦਾ ਸਭ ਤੋਂ ਪੁਰਾਣਾ ਬੈਂਕ ਹੈ ਤੇ ਜ਼ਿਆਦਾਤਰ ਇਲਾਕਾ ਨਿਵਾਸੀਆਂ ਦੇ ਇਸੇ ਬੈਂਕ ’ਚ ਲੌਕਰ ਹਨ। ਇਸ ਸਬੰਧੀ ਬੈਂਕ ਦੇ ਚੀਫ਼ ਮੈਨੇਜਰ ਵਿਜੇ ਮੱਕੜ ਨੇ ਕਿਹਾ ਕਿ ਸੇਫ਼ ਵਿੱਚੋਂ ਕੁਝ ਸਾਮਾਨ ਚੋਰੀ ਹੋਇਆ ਹੈ ਜਿਸ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਤਾਧਾਰਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਜੋ ਸਾਮਾਨ ਚੋਰੀ ਹੋਇਆ ਹੈ ਉਹ ਪੂਰੀ ਤਰ੍ਹਾਂ ਬੀਮਾ ਯੋਜਨਾ ਦੇ ਅਧੀਨ ਹੈ। ਇਸ ਘਟਨਾ ਤੋਂ ਬਾਅਦ ਬੈਂਕ ਦੇ ਏ.ਜੀ.ਐੱਮ. ਪੀ.ਐੱਸ. ਸੋਢੀ ਤੇ ਬੈਂਕ ਦੇ ਚੰਡੀਗੜ੍ਹ ਤੋਂ ਪਹੁੰਚੇ ਸਕਿਊਰਿਟੀ ਇੰਚਾਰਜਾਂ ਨੇ ਵੀ ਦੌਰਾ ਕੀਤਾ।