ਪੱਤਰ ਪ੍ਰੇਰਕ
ਤਰਨ ਤਾਰਨ, 24 ਅਪਰੈਲ
ਸ਼ਹਿਰ ਦੇ ਅਤਿ ਸੰਵੇਦਨਸ਼ੀਲ ਚਾਰ ਖੰਭਾ ਚੌਕ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਪਰਵਾਸੀ ਭਾਰਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਜਤਿੰਦਰਪਾਲ ਸਿੰਘ (25) ਵਾਸੀ ਸੋਹਾਵਾ (ਸਰਹਾਲੀ) ਵਜੋਂ ਹੋਈ ਹੈ। ਕੈਨੇਡੀਅਨ ਪੀਆਰ ਜਤਿੰਦਰਪਾਲ 16 ਅਪਰੈਲ ਨੂੰ ਹੀ ਭਾਰਤ ਆਇਆ ਸੀ ਤੇ ਉਸ ਨੇ ਜੂਨ ਮਹੀਨੇ ’ਚ ਕੈਨੇਡਾ ਪਰਤਣਾ ਸੀ। ਜਤਿੰਦਰਪਾਲ ਆਪਣੇ ਦੋਸਤਾਂ ਜਸਲੀਨ ਸਿੰਘ, ਜੁਨੇਜਪਾਲ ਸਿੰਘ ਵਾਸੀ ਗੁਜਰਪੁਰਾ ਤੇ ਗੁਰਜੀਤ ਸਿੰਘ ਵਾਸੀ ਮੁੰਡਾ ਪਿੰਡ ਨਾਲ ਸਕਾਰਪੀਓ ਗੱਡੀ ਵਿੱਚ ਤਰਨ-ਤਾਰਨ ਤੋਂ ਪਿੰਡ ਪਰਤ ਰਿਹਾ ਸੀ। ਚਾਰ ਖੰਭਾ ਚੌਕ ਨੇੜੇ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ। ਜਤਿੰਦਰਪਾਲ ਦੀ ਖੱਬੀ ਵੱਖੀ ਵਿੱਚ ਵੱਜ ਗਈ। ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਤਿੰਦਰਪਾਲ ਨੇ ਬੀਤੀ ਰਾਤ ਆਪਣੇ ਦੋਸਤਾਂ ਨਾਲ ਇੱਕ ਪੰਜ ਤਾਰਾ ਹੋਟਲ ਵਿੱਚ ਪਾਰਟੀ ਕੀਤੀ ਸੀ। ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਜਤਿੰਦਰਪਾਲ ਤੇ ਉਸ ਦੇ ਦੋਸਤ ਕਿਸੇ ਕੁੜੀ ਨੂੰ ਫੋਨ ਕਰਕੇ ਉਨ੍ਹਾਂ ਕੋਲ ਆਉਣ ਲਈ ਜ਼ੋਰ ਪਾ ਰਹੇ ਸਨ। ਫੋਨ ਦੀ ਡਿਟੇਲ ਤੋਂ ਪਤਾ ਲੱਗਦਾ ਹੈ ਕਿ ਲੜਕੀ ਨੂੰ ਜਤਿੰਦਰਪਾਲ ਸਬੰਧੀ ਪਲ ਪਲ ਦੀ ਖ਼ਬਰ ਸੀ। ਪੁਲੀਸ ਅਨੁਸਾਰ ਇਹ ਹਮਲਾਵਰ ਲੜਕੀ ਵੱਲੋਂ ਵੀ ਭੇਜੇ ਗਏ ਹੋ ਸਕਦੇ ਹਨ। ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।