ਜੋਗਿੰਦਰ ਸਿੰਘ ਮਾਨ
ਮਾਨਸਾ, 25 ਸਤੰਬਰ
ਗੁਲਾਬੀ ਸੁੰਡੀ ਦੇ ਹਮਲੇ ਕਾਰਨ ਅੱਜ-ਕੱਲ੍ਹ ਮਾਲਵੇ ਦੇ ਖੇਤ ਸਿਆਸਤ ਦੇ ਕੇਂਦਰ ਬਿੰਦੂ ਬਣੇ ਹੋਏ ਹਨ। ਨਰਮਾ ਵਾਹੁਣ ਵਾਲੇ ਕਿਸਾਨਾਂ ਨੂੰ ਸਿਆਸੀ ਆਗੂਆਂ ਦੇ ਦਿਲਾਸੇ ਢਾਰਸ ਨਹੀਂ ਬੰਨ੍ਹਾ ਸਕੇ। ਕਿਸਾਨਾਂ ਨੂੰ ‘ਵੱਡੀਆਂ ਕਾਰਾਂ ਵਾਲਿਆਂ’ ਤੋਂ ਰਾਹਤ ਦੀ ਆਸ ਹੁੰਦੀ ਹੈ ਪਰ ਉਹ ਹਮਦਰਦੀਆਂ ਦੀ ਸਿਆਸੀ ਖੇਡ ਕੇ ਤੁਰਦੇ ਬਣਦੇ ਹਨ। ਮਾਲਵੇ ਦੇ ਖੇਤਾਂ ਵਿੱਚ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਲਗਾਤਾਰ ਸਿਆਸੀ ਆਗੂਆਂ ਦਾ ਆਉਣ-ਜਾਣ ਬਣਿਆ ਹੋਇਆ ਹੈ।
ਗੁਲਾਬੀ ਸੁੰਡੀ ਦੇ ਝੰਬੇ ਕਿਸਾਨ ਜਦੋਂ ਲੱਕ-ਲੱਕ ਹੋਏ ਨਰਮੇ ’ਤੇ ਤਵੀਆਂ ਚਲਾਉਣ ਲੱਗੇ ਤਾਂ ਸਿਆਸੀ ਆਗੂਆਂ ਨੂੰ ਖੇਤਾਂ ਦੀ ਯਾਦ ਆ ਗਈ। ਕਿਸਾਨਾਂ ਦਾ ‘ਦਰਦ’ ਵੰਡਾਉਣ ਵਿੱਚ ਕੋਈ ਵੀ ਸਿਆਸੀ ਧਿਰ ਪਿੱਛੇ ਨਹੀਂ ਰਹੀ ਪਰ ਕਿਸਾਨਾਂ ਦੀ ਝੋਲੀ ਅਜੇ ਵੀ ਖ਼ਾਲੀ ਹੈ। ਕਿਸਾਨਾਂ ਨੂੰ ਸੱਤਾਧਾਰੀ ਧਿਰ ਸਮੇਤ ਕਿਸੇ ਨੇ ਵੀ ਫੌਰੀ ਰਾਹਤ ਕਾਰਜ ਅਜੇ ਤੱਕ ਨਹੀਂ ਆਰੰਭਿਆ ਹੈ, ਸਭ ਫੋਕੇ ਦਿਲਾਸੇ ਦੇ ਕੇ ਜਾ ਰਹੇ ਹਨ। ਪਿੰਡ ਦੇ ਮੋਹਤਬਾਰਾਂ ਨੂੰ ਜਦੋਂ ਪੰਜਾਬ ਪੁਲੀਸ ਵੱਡੇ ਸਿਆਸੀ ਆਗੂਆਂ ਦੇ ਆਉਣ ਦੀ ਸੂਚਨਾ ਦਿੰਦੀ ਹੈ ਤਾਂ ਉਨ੍ਹਾਂ ਦੇ ਚਿਹਰੇ ਖਿੜ ਜਾਂਦੇ ਹਨ ਕਿ ਸ਼ਾਇਦ ਸਰਕਾਰ ਉਨ੍ਹਾਂ ਦੀ ਡੁੱਬਦੀ ਕਬੀਲਦਾਰੀ ਨੂੰ ਬਚਾਉਣ ਦਾ ਕੋਈ ਹੀਲਾ ਕਰੇ। ਸਾਰਾ ਦਿਨ ਗਰੀਬ ਤੇ ਥੁੜ੍ਹ ਮਾਰੇ ਲੋਕ ਇਨ੍ਹਾਂ ਵੱਡੇ ਆਗੂਆਂ ਦੀਆਂ ਹੂਟਰ ਮਾਰਦੀਆਂ ਗੱਡੀਆਂ ਉਡੀਕਦੇ ਰਹਿੰਦੇ ਹਨ ਪਰ ਇਹ ਆਗੂ ਗੱਡੀਆਂ ’ਚੋਂ ਉਤਰ ਕੇ 10 ਮਿੰਟ ਖੇਤ ਵਿੱਚ ਖੜ੍ਹ ਕੇ ਫੋਟੋ ਖਿਚਵਾ ਕੇ ਚੱਲਦੇ ਬਣਦੇ ਹਨ। ਹੁਣ ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਹਮਲਿਆਂ ਕਾਰਨ ਹੋ ਰਹੇ ਸਿਆਸੀ ਦੌਰਿਆਂ ਤੋਂ ਕਿਸਾਨ ਔਖ ਮਹਿਸੂਸ ਕਰਨ ਲੱਗੇ ਹਨ ਕਿਉਂਕਿ ਅਜਿਹੇ ਦੌਰੇ ਉਨ੍ਹਾਂ ਦੇ ਹੱਥ-ਪੱਲੇ ਕੁਝ ਨਹੀਂ ਪਾ ਰਹੇ ਹਨ। ਨਰਮਾ ਵਾਹੁਣ ਵਾਲੇ ਕਿਸਾਨ ਜਗਮੀਤ ਸਿੰਘ ਮਾਨ ਤੇ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ 40 ਮਣ ਪ੍ਰਤੀ ਏਕੜ ਨਰਮੇ ਦਾ ਝਾੜ ਆਉਣ ਦੀ ਉਮੀਦ ਸੀ ਪਰ ਗੁਲਾਬੀ ਸੁੰਡੀ ਨੇ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪਹਿਲਾਂ ਨਕਲੀ ਬੀਜਾਂ ਤੇ ਹੁਣ ਮਾੜੀਆਂ ਕੀੜੇਮਾਰ ਦਵਾਈਆਂ ਨੇ ਦੋਹਰੀ ਸੱਟ ਮਾਰੀ ਹੈ।
ਸੱਤਾਧਾਰੀ ਧਿਰ ਨੂੰ ਕਿਸਾਨਾਂ ਦੀ ਬਾਂਹ ਫੜਨ ਦੀ ਸਲਾਹ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਨਰਮੇ ਦੀ ਫ਼ਸਲ ਮਰ ਗਈ ਹੈ, ਉਨ੍ਹਾਂ ਦੇ ਖਾਲੀ ਹੱਥਾਂ ’ਚ ਹਮਦਰਦੀ ਦੀ ਥਾਂ ਚੈੱਕ ਫੜਾਉਣ ਦੀ ਵੱਡੀ ਲੋੜ ਹੈ। ਸਾਬਕਾ ਵਿਧਾਇਕ ਕਾਮਰੇਡ ਅਰਸ਼ੀ ਨੇ ਕਿਹਾ ਕਿ ਇਸ ਮੁਸੀਬਤ ਦੇ ਸਮੇਂ ਸੱਤਾਧਾਰੀ ਧਿਰ ਨੂੰ ਪੀੜਤ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਕਿ ਉਹ ਅਗਲੀ ਫ਼ਸਲ ਦੀ ਬਿਜਾਈ ਸਮੇਂ ਸਿਰ ਕਰ ਸਕਣ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਨੂੰ ਖ਼ਤਮ ਕਰਨ ਲਈ ਸਪਰੇਆਂ ਕਰਦਿਆਂ ਕਿਸਾਨਾਂ ਦੇ ਹੱਥਾਂ ਵਿੱਚ ਛਾਲੇ ਪੈ ਗਏ, ਲੱਕ ਦੂਹਰੇ ਹੋ ਗਏ ਪਰ ਸੂਬੇ ਦੀ ਕਾਂਗਰਸ ਸਰਕਾਰ ਵਜ਼ੀਰੀਆਂ ਬਖ਼ਸ਼ਣ ਵਿੱਚ ਰੁੱਝੀ ਹੋਈ ਹੈ।