ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਅਗਸਤ
ਪੰਜਾਬ ਮੰਡੀ ਬੋਰਡ ਨੇ ਸਮੂਹ ਮਾਰਕੀਟ ਕਮੇਟੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕਿਸਾਨਾਂ ਦੀਆਂ ਖੇਤੀਬਾੜੀ ਵਾਲੀ ਜ਼ਮੀਨ ਦੀਆਂ ਫ਼ਰਦਾਂ ਹਰ ਹਾਲ ਵਿਚ ਆਗਾਮੀ 9 ਅਗਸਤ ਤੱਕ ਪੋਰਟਲ ’ਤੇ ਅਪਲੋਡ ਕੀਤੀਆਂ ਜਾਣ। ਮੰਡੀ ਬੋਰਡ ਦੇ ਨਵੇਂ ਹੁਕਮ ਕਿਸਾਨਾਂ ਲਈ ਮੁਸੀਬਤ ਬਣ ਸਕਦੇ ਹਨ। ਹਾਲਾਂਕਿ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਬਾਹਰਲੇ ਸੂਬਿਆਂ ਦਾ ਝੋਨਾ ਪੰਜਾਬ ’ਚ ਵਿਕਣ ਤੋਂ ਰੋਕਣ ਲਈ ਲਿਆ ਹੈ। ਕਿਸਾਨਾਂ ਨੂੰ ਝੋਨੇ ਦੀ ਖਰੀਦ ਤੇ ਅਦਾਇਗੀ ਵੀ ਜ਼ਮੀਨ ਦੀ ਫ਼ਰਦ ਅਨੁਸਾਰ ਹੋਵੇਗੀ।
ਇਸ ਤੋਂ ਪਹਿਲਾਂ ਮੰਡੀ ਬੋਰਡ ਨੇ ਆੜ੍ਹਤੀਆਂ ਕੋਲੋਂ ਉਨ੍ਹਾਂ ਨਾਲ ਜੁੜੇ ਕਿਸਾਨਾਂ ਦੇ ਆਧਾਰ ਕਾਰਡ, ਬੈਂਕ ਖਾਤਾ ਪੋਰਟਲ ’ਤੇ ਅਪਲੋਡ ਕਰਵਾ ਲਏ ਹਨ ਅਤੇ ਹੁਣ ਕਿਸਾਨਾਂ ਨੂੰ ਫ਼ਰਦਾਂ ਅਪਲੋਡ ਕਰਨ ਦੀ ਹਦਾਇਤ ਕੀਤੀ ਹੈ। ਇਸ ਨਾਲ ਇਹ ਪਤਾ ਲੱਗ ਸਕੇਗਾ ਕਿ ਕਿਹੜੇ ਕਿਸਾਨ ਨੇ ਕਿੰਨੇ ਏਕੜ ’ਚ ਝੋਨੇ ਦੀ ਬਿਜਾਈ ਕੀਤੀ ਹੈ। ਇਸੇ ਹਿਸਾਬ ਨਾਲ ਫਸਲ ਦੀ ਖਰੀਦ ਤੇ ਅਦਾਇਗੀ ਕੀਤੀ ਜਾਵੇਗੀ।
ਫਰਦ ਅਪਲੋਡ ਕਰਨ ਤੋਂ ਬਾਅਦ ਕੋਈ ਵੀ ਕਿਸਾਨ ਵੱਧ ਰਕਬੇ ਦੀ ਫ਼ਸਲ ਨਹੀਂ ਵੇਚ ਸਕੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ‘ਫ਼ਰਜ਼ੀਵਾੜਾ’ ਹੋਵੇਗਾ। ਮੰਡੀ ਬੋਰਡ ਨੇ ਬਿਜਲੀ ਤੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਡਿਫਾਲਟਰ ਆੜ੍ਹਦੀਆਂ ਦੇ ਲਾਇਸੈਂਸ ਨਾ ਨਵਿਆਉਣ ਦੀ ਵੀ ਹਦਾਇਤ ਕੀਤੀ ਹੈ।
ਮੰਡੀ ਬੋਰਡ ਨੇ ਫ਼ਸਲ ’ਚ ਵੱਧ ਨਮੀ ਦੇ ਨਾਮ ’ਤੇ ਕਾਟ ਕੱਟਣ ਵਾਲੇ ਆੜ੍ਹਤੀਆਂ ’ਤੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਮੰਡੀ ਬੋਰਡ ਨੇ ਇਸ ਨੂੰ ਮਾਰਕੀਟ ਫੀਸ ਚੋਰੀ ਦੀ ਸ਼੍ਰੇਣੀ ਸ਼ਾਮਲ ਕੀਤਾ ਹੈ। ਜੇਕਰ ਹੁਣ ਚੈਕਿੰਗ ਦੌਰਾਨ ਕੋਈ ਆੜ੍ਹਤੀ ਕਿਸਾਨਾਂ ’ਤੇ ਕਾਟ ਲਾਉਂਦਾ ਫੜਿਆ ਗਿਆ ਤਾਂ ਉਸ ਦਾ ਲਾਇਸੈਂਸ ਤੁਰੰਤ ਰੱਦ ਕਰ ਦਿੱਤਾ ਜਾਵੇਗਾ।
ਠੇਕੇ ’ਤੇ ਖੇਤੀ ਕਰਨ ਵਾਲਿਆਂ ਲਈ ਮੁਸੀਬਤ ਬਣੇ ਨਵੇਂ ਹੁਕਮ
ਮੰਡੀ ਬੋਰਡ ਦੇ ਇਸ ਨਵੇਂ ਫ਼ਰਮਾਨ ਕਾਰਨ ਜਿਹੜੇ ਕਿਸਾਨ ਠੇਕੇ ’ਤੇ ਜ਼ਮੀਨਾਂ ਲੈਂਦੇ ਹਨ, ਉਨ੍ਹਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜਿਸ ਕਿਸਾਨ ਦੇ ਨਾਮ ’ਤੇ ਜ਼ਮੀਨ ਦੀ ਫ਼ਰਦ ਹੈ, ਉਸੇ ਦੇ ਨਾਮ ’ਤੇ ਹੀ ਫ਼ਸਲ ਵੇਚੀ ਜਾ ਸਕੇਗੀ ਅਤੇ ਅਦਾਇਗੀ ਵੀ ਉਸੇ ਨੂੰ ਹੋਵੇਗੀ। ਇਸ ਤੋਂ ਇਲਾਵਾ ਜਿਹੜੇ ਜ਼ਮੀਨ ਵਿਹੂਣੇ ਫ਼ਰਜ਼ੀ ਕਿਸਾਨ ਆਪਣੇ ਨਾਮ ’ਤੇ ਆੜ੍ਹਤੀਆਂ ਕੋਲ ਫ਼ਸਲ ਵੇਚ ‘ਜੇ’ ਫਾਰਮ ਦਿਖਾ ਕੇ ਆਮਦਨ ਕਰ ਤੋਂ ਵੀ ਛੋਟ ਲੈਂਦੇੇ ਹਨ, ਉਹ ਵੀ ਹੁਣ ਆਪਣੇ ਨਾਮ ’ਤੇ ਫ਼ਸਲ ਨਹੀਂ ਵੇਚ ਸਕਣਗੇ। ਮਾਰਕੀਟ ਕਮੇਟੀ ਦੇ ਸਕੱਤਰਾਂ ਵੱਲੋਂ ਆੜ੍ਹਤੀਆਂ ਨੂੰ ਪੱਤਰ ਜਾਰੀ ਕਰ ਦਿੱਤੇ ਹਨ ਕਿ ਆੜ੍ਹਤ ਨਾਲ ਸਬੰਧਤ ਕਿਸਾਨਾਂ ਤੋਂ ਜ਼ਮੀਨ ਦੀ ਫ਼ਰਦ, ਪਿਤਾ ਦਾ ਨਾਮ, ਦਾਦੇ ਦਾ ਨਾਮ, ਆਧਾਰ ਕਾਰਡ ਅਤੇ ਖੇਵਟ ਨੰਬਰ ਲੈ ਲਏ ਲੈਣ।