ਸੁਖਵਿੰਦਰ ਪਾਲ ਸੋਢੀ/ਹਰਜੀਤ ਸਿੰਘ
ਚੰਡੀਗੜ੍ਹ/ਜ਼ੀਰਕਪੁਰ, 8 ਸਤੰਬਰ
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ 17 ਜੁਲਾਈ ਨੂੰ ਲਈ ਗਈ ‘ਕੌਮੀ ਯੋਗਤਾ ਦਾਖ਼ਲਾ ਪ੍ਰੀਖਿਆ’ (ਨੀਟ) 2022 ਦੀ ਪ੍ਰੀਖਿਆ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ। ਇਸ ਵਾਰ ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ 720 ’ਚੋਂ 710 ਅੰਕ ਹਾਸਲ ਕਰਕੇ ਪੰਜਾਬ ਅਤੇ ਟ੍ਰਾਈਸਿਟੀ ’ਚੋਂ ਪਹਿਲਾ ਅਤੇ ਕੌਮੀ ਪੱਧਰ ’ਤੇ ਸੱਤਵਾਂ ਸਥਾਨ ਹਾਸਲ ਕੀਤਾ ਹੈ। ਇਸ ਪ੍ਰੀਖਿਆ ਵਿੱਚ ਕੁਲ 18.72 ਲੱਖ ਵਿਦਿਆਰਥੀ ਬੈਠੇ ਸਨ।
ਅਰਪਿਤ ਚੰਡੀਗੜ੍ਹ ਦੇ ਚੇਤੰਨਿਆ ਇੰਸਟੀਚਿਊਟ ਤੋਂ ਪੜ੍ਹਾਈ ਕਰ ਰਿਹਾ ਹੈ ਤੇ ਉਸ ਨੇ ਮੁੱਢਲੀ ਸਿੱਖਿਆ ਦੀਕਸ਼ਾਂਤ ਸਕੂਲ ਜ਼ੀਰਕਪੁਰ ਤੋਂ ਕੀਤੀ ਸੀ। ਅਰਪਿਤ ਨੇ ਦੱਸਿਆ ਕਿ ਉਸ ਦੇ ਪਿਤਾ ਮਾਰਕਟਿੰਗ ਵਿੱਚ ਸਨ ਤੇ ਮਾਤਾ ਪੰਚਕੂਲਾ ਦੀ ਇੱਕ ਫਾਰਮਾ ਕੰਪਨੀ ਵਿੱਚ ਕੰਮ ਕਰਦੀ ਹੈ। ਉਸ ਦੀ ਦਾਦੀ ਵੀ ਪਹਿਲਾਂ ਪੀਜੀਆਈ ਵਿੱਚ ਕਲੈਰੀਕਲ ਕੰਮ ਕਰਦੇ ਸਨ। ਅਰਪਿਤ ਦੀ ਛੋਟੀ ਭੈਣ ਸੱਤਵੀਂ ’ਚ ਪੜ੍ਹਦੀ ਹੈ। ਅਰਪਿਤ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦਾ ਹੈ। ਸਾਲ 2019 ਵਿੱਚ ਉਸ ਦੇ ਪਿਤਾ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਦੀ ਮੌਤ ਹੋਣ ਮਗਰੋਂ ਉਸ ਨੂੰ ਪਰਿਵਾਰ ਵਿੱਚ ਕੋਈ ਡਾਕਟਰ ਨਾ ਹੋਣ ਦੀ ਘਾਟ ਸਭ ਤੋਂ ਵਧੇਰੇ ਲੱਗੀ। ਉਸ ਨੇ ਨਿਸ਼ਚਾ ਕੀਤਾ ਕਿ ਉਹ ਡਾਕਟਰੀ ਦੀ ਪੜ੍ਹਾਈ ਕਰੇਗਾ ਤਾਂ ਜੋ ਉਸ ਦੇ ਪਰਿਵਾਰ ਨੂੰ ਮੁੜ ਡਾਕਟਰੀ ਸਹਾਇਤਾ ਤੋਂ ਵਾਂਝਾ ਨਾ ਰਹਿਣਾ ਪਵੇ। ਪਿਤਾ ਦੀ ਮੌਤ ਦੇ ਦੁੱਖ ਨੇ ਉਸ ਨੂੰ ਹੋਰ ਬਲ ਦਿੱਤਾ ਤੇ ਉਸ ਨੇ ਪੂਰੀ ਮਿਹਨਤ ਨਾਲ ਆਪਣੇ ਪਰਿਵਾਰ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ਹੇਠ ਤਿਆਰੀ ਕਰਨੀ ਆਰੰਭ ਦਿੱਤੀ। ਅਰਪਿਤ ਦੀ ਮਾਂ ਪ੍ਰੀਤੀ ਨਾਰੰਗ ਨੇ ਦੱਸਿਆ ਕਿ ਜਦੋਂ ਉਹ ਆਪਣੀ ਦਾਦੀ ਨਾਲ ਪੀਜੀਆਈ ਜਾਂਦਾ ਸੀ ਤਾਂ ਡਾਕਟਰਾਂ ਨੂੰ ਵੇਖ ਕੇ ਬਹੁਤ ਉਤਸ਼ਾਹਿਤ ਹੁੰਦਾ ਸੀ। ਉਥੋਂ ਹੀ ਅਰਪਿਤ ਨੂੰ ਡਾਕਟਰ ਬਣਨ ਦੀ ਪ੍ਰੇਰਣਾ ਮਿਲੀ ਸੀ। ਉਸ ਵੱਲੋਂ ਕੀਤੀ ਸਖ਼ਤ ਮਿਹਨਤ ਸਕਦਾ ਹੀ ਅੱਜ ਉਸ ਨੂੰ ਇਹ ਸਫ਼ਲਤਾ ਹਾਸਲ ਹੋਈ ਹੈ।
ਜ਼ਿਕਰਯੋਗ ਹੈ ਕਿ ਅਰਪਿਤ, ਨੈਸ਼ਨਲ ਸਾਇੰਸ ਓਲੰਪਿਆਡ ਤੇ ਇੰਟਰਨੈਸ਼ਨਲ ਮੈਥਾਮੈਟਿਕਸ ਓਲੰਪਿਆਡ ਵਿੱਚ ਤਿੰਨ ਵਾਰ ਸੋਨ ਤਗ਼ਮਾ ਜਿੱਤ ਚੁੱਕਿਆ ਹੈ। ਇਸ ਤੋਂ ਇਲਾਵਾ ਉਹ ਕਿਸ਼ੋਰ ਵਿਗਆਨਿਕ ਪ੍ਰੋਤਸਾਹਨ ਯੋਜਨਾ ਦਾ ਸਕਾਲਰ ਤੇ ਰਾਜ ਪੱਧਰੀ ਸ਼ਤਰੰਜ ਖਿਡਾਰੀ ਵੀ ਹੈ।