ਦਵਿੰਦਰ ਪਾਲ
ਚੰਡੀਗੜ੍ਹ, 4 ਨਵੰਬਰ
ਖੇਤੀ ਕਾਨੂੰਨਾਂ ਵਿਰੁੱਧ ਭਲਕੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਦੇਸ਼ਿਵਆਪੀ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚਾਰ ਘੰਟਿਆਂ ਲਈ ਸੂਬੇ ਵਿੱਚ ਸਖ਼ਤ ਨਾਕੇਬੰਦੀ ਕਰਨ ਦਾ ਐਲਾਨ ਕੀਤਾ ਹੈ। ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਮੀਟਿੰਗ ਕਰਕੇ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਨੂੰ ਮੋਰਚਿਆਂ ’ਤੇ ਡਟਣ ਦਾ ਸੱਦਾ ਦਿੱਤਾ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਭਲਕੇ ਜਥੇਬੰਦੀ ਵੱਲੋਂ 4 ਘੰਟਿਆਂ ਲਈ ਸੜਕੀ ਆਵਜਾਈ ਠੱਪ ਕਰਨ ਲਈ ਸਮੁੱਚੇ ਵਰਕਰ ਸੜਕਾਂ ’ਤੇ ਨਿਕਲਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ 35 ਥਾਵਾਂ ’ਤੇ ਵੱਡੇ ਇਕੱਠ ਕਰਕੇ ਹਾਈਵੇਅ ਜਾਮ ਕੀਤੇ ਜਾਣਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਸਮੁੱਚੇ ਕਿਸਾਨ ਸੰਘਰਸ਼ ਦਾ ਨਿਸ਼ਾਨਾ ‘ਤਾਨਾਸ਼ਾਹ ਮੋਦੀ ਹਕੂਮਤ’ ਅਤੇ ਉਸ ਦੇ ਚਹੇਤੇ ਕਾਰਪੋਰੇਟਾਂ ਦੇ ਕਾਰੋਬਾਰ ਵੀ ਹਨ। ਉਨ੍ਹਾਂ ਕਿਹਾ ਕਿ ਨਿੱਜੀ ਥਰਮਲਾਂ ਦਾ ਸਰਕਾਰੀਕਰਨ ਕੀਤੇ ਜਾਣ, ਬਠਿੰਡਾ ਤੇ ਹੋਰ ਸਾਰੇ ਸਰਕਾਰੀ ਥਰਮਲ ਪੂਰੀ ਸਮਰੱਥਾ ਵਿੱਚ ਚਾਲੂ ਕਰਨ ਤੱਕ ਅਤੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਗੈਰ ਲੁਟੇਰੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਖ਼ਤਮ ਨਹੀਂ ਕੀਤੇ ਜਾ ਸਕਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ 36 ਦਿਨਾਂ ਤੋਂ 65 ਥਾਈਂ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਵੀ ਬਾਦਸਤੂਰ ਜਾਰੀ ਰਹਿਣਗੇ। ਉਨ੍ਹਾਂ ਦੋਸ਼ ਲਾਇਆ ਕਿ ਭਾਰੀ ਕਰਜ਼ਿਆਂ ਹੇਠ ਦੱਬੇ ਕਿਸਾਨ-ਮਜ਼ਦੂਰ ਨਵੇਂ ਆਰਥਿਕ ਹੱਲਿਆਂ ਕਾਰਨ ਹੋਰ ਵੀ ਵਧੇਰੇ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਕੇ ਧਰਨਿਆਂ ਵਿੱਚ ਵੀ ਅਚਨਚੇਤੀ ਮੌਤਾਂ ਦਾ ਸ਼ਿਕਾਰ ਬਣ ਰਹੇ ਰਹੇ ਹਨ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਭਲਕੇ 5 ਨਵੰਬਰ ਦੇ ਦੇਸ਼ ਪੱਧਰੀ ਚੱਕਾ ਜਾਮ ਨੂੰ ਸੂਬੇ ਭਰ ’ਚ ਸਫ਼ਲ ਬਣਾਉਣ ਅਤੇ 26-27 ਨਵੰਬਰ ਨੂੰ ਦਿੱਲੀ ’ਚ ਦੇਸ਼ ਪੱਧਰੀ ਇਕੱਠ ਲਈ ਵਿਉਂਤਬੰਦੀ ਵੀ ਕੀਤੀ ਗਈ।
ਮਾਲ ਗੱਡੀਆਂ ਨੂੰ 20 ਨਵੰਬਰ ਤੱਕ ਲਾਂਘਾ ਦੇਣ ਦਾ ਐਲਾਨ
ਚੰਡੀਗੜ੍ਹ: ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਤੱਕ ਮਾਲ ਗੱਡੀਆਂ ਨੂੰ ਲਾਂਘਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨਿੱਜੀ ਖੇਤਰ ਦੇ ਥਰਮਲਾਂ, ਭਾਜਪਾ ਆਗੂਆਂ, ਟੌਲ ਪਲਾਜ਼ਿਆਂ ਅਤੇ ਅੰਬਾਨੀ-ਅਡਾਨੀ ਸਮੇਤ ਹੋਰ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਟਿਕਾਣਿਆਂ ਦਾ ਘਿਰਾਓ ਜਾਰੀ ਰੱਖਣ ਦਾ ਫੈਸਲਾ ਵੀ ਕੀਤਾ ਹੈ। ਸੂਬੇ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨ ਰੇਲਵੇ ਲਾਈਨਾਂ ਤੋਂ ਪਿਛਾਂਹ ਹਟ ਕੇ ਰੇਲਵੇ ਸਟੇਸ਼ਨਾਂ ਦੇ ਨਜ਼ਦੀਕ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਅਤੇ ਧਰਨਾ ਪ੍ਰਦਰਸ਼ਨ ਜਾਰੀ ਰਖਣਗੇ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਨੇ 30 ਕਿਸਾਨ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਨੁਮਾਇੰਦਿਆਂ ਨਾਲ ਵੱਖੋ ਵੱਖਰੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦੌਰਾਨ ਕੋਈ ਠੋਸ ਸਿੱਟਾ ਨਾ ਨਿਕਲਣ ਕਰਕੇ ਹੁਣ 7 ਨਵੰਬਰ ਨੂੰ ਮੁੜ ਬੈਠਕ ਹੋਵੇਗੀ। ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 7 ਨਵੰਬਰ ਤੋਂ ਬਾਅਦ ਸੰਘਰਸ਼ ਦੀ ਨਵੀਂ ਰੂਪ ਰੇਖਾ ਵੀ ਐਲਾਨੀ ਜਾ ਸਕਦੀ ਹੈ। ਸਹਿਕਾਰਤਾ ਮੰਤਰੀ ਅਤੇ ਅਧਿਕਾਰੀਆਂ ਵੱਲੋਂ 15 ਦਿਨਾਂ ਲਈ ਯਾਤਰੀ ਰੇਲ ਗੱਡੀਆਂ ਨੂੰ ਲਾਂਘਾ ਦੇਣ ਦੀ ਮੰਗ ਰੱਦ ਕਰਦਿਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਲਾਂਘਾ ਸਿਰਫ਼ ਮਾਲ ਗੱਡੀਆਂ ਨੂੰ ਦਿੱਤਾ ਜਾਵੇਗਾ ਤਾਂ ਜੋ ਸੰਘਰਸ਼ ਕਾਰਨ ਸੂਬੇ ਨੂੰ ਆਰਥਿਕ ਤੌਰ ’ਤੇ ਕੋਈ ਨੁਕਸਾਨ ਨਾ ਝੱਲਣਾ ਪਵੇ।
ਮੀਟਿੰਗ ਦੇ ਫੈਸਲਿਆਂ ਸਬੰਧੀ ਕਿਸਾਨ ਆਗੂਆਂ ਕੁਲਵੰਤ ਸਿੰਘ ਸੰਧੂ, ਜਗਮੋਹਨ ਸਿੰਘ ਪਟਿਆਲਾ, ਬਲਬੀਰ ਸਿੰਘ ਰਾਜੇਵਾਲ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸਥਾਨਕ ਡੀਲਰਾਂ ਦੀ ਮਾਲਕੀ ਵਾਲੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ ਸਬੰਧੀ ਫੈਸਲਾ ਭਲਕੇ ਚੱਕਾ-ਜਾਮ ਦੌਰਾਨ ਕਿਸਾਨ-ਆਗੂਆਂ ਵੱਲੋਂ ਐਲਾਨਿਆ ਜਾਵੇਗਾ। ਭਾਜਪਾ ਦੇ ਪੰਜਾਬ ਕਿਸਾਨ ਸੈੱਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਵਾਲੇ ਤਰਲੋਚਨ ਸਿੰਘ ਗਿੱਲ ਨੇ ਮੀਟਿੰਗ ’ਚ ਪਹੁੰਚ ਕੇ ਕਿਸਾਨ ਜਥੇਬੰਦੀਆਂ ਨਾਲ ਇਕਜੁੱਟਤਾ ਪ੍ਰਗਟਾਈ। ਸਾਬਕਾ ਸੈਨਿਕਾਂ ਵੱਲੋਂ ਵੀ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਆਨਰੇਰੀ ਰਿਟਾਇਰਡ ਕਰਨਲ ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ’ਚ ਪਹੁੰਚ ਕੇ ਸੰਘਰਸ਼ ਦੇ ਸਮਰਥਨ ਦਾ ਐਲਾਨ ਕੀਤਾ।
ਪੰਜਾਬ ਤੇ ਹਰਿਆਣਾ ਦੇ ਕਿਸਾਨ ਸਾਂਝਾ ਮੋਰਚਾ ਲਾਊਣਗੇ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਹਰਿਆਣਾ ਦੀਆਂ 34 ਕਿਸਾਨ ਜਥੇਬੰਦੀਆਂ ਭਲਕੇ ਦੇ ਦੇਸ਼ ਵਿਆਪੀ ਬੰਦ ਨੂੰ ਸਫ਼ਲ ਬਣਾਉਣ ਲਈ ਸਰਗਰਮ ਹੋ ਗਈਆਂ ਹਨ। ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ’ਚ ਥਾਂ-ਥਾਂ ’ਤੇ ਸੜਕਾਂ ਰੋਕ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤੇ ਜਾਣਗੇ। ਪੰਜਾਬ-ਹਰਿਆਣਾ ਸਰਹੱਦ ’ਤੇ ਜ਼ਿਲ੍ਹਾ ਸਿਰਸਾ ਦੇ ਮੁਸਹਾਬਾਦ ਅਤੇ ਨਰਵਾਣਾ ਜ਼ਿਲ੍ਹੇ ਦੇ ਦਾਤਾਸਿੰਘਵਾਲਾ ’ਚ ਦੋਵੇਂ ਸੂਬਿਆਂ ਦੇ ਕਿਸਾਨ ਇਕੱਠਿਆਂ ਜਾਮ ਲਾਉਣਗੇ। ਆਲ ਇੰਡਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਸਤਿਆਵਾਨ ਪ੍ਰੇਮ ਸਿੰਘ ਗਹਿਲਾਵਤ ਅਤੇ ਯੋਗੇਂਦਰ ਯਾਦਵ ਨੇ ਦੱਸਿਆ ਕਿ ਭਲਕੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ ਵੱਖ ਥਾਵਾਂ ’ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਰਸਤੇ ਜਾਮ ਕਰਨ ਦੌਰਾਨ ਐਂਬੂਲੈਂਸਾਂ ਅਤੇ ਐਮਰਜੈਂਸੀ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ। ਉਨ੍ਹਾਂ ਆਸ ਜਤਾਈ ਕਿ ਪੁਲੀਸ ਅਤੇ ਪ੍ਰਸ਼ਾਸਨ ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਇਸ ਵਿਰੋਧ ਪ੍ਰਦਰਸ਼ਨ ’ਚ ਕੋਈ ਦਖ਼ਲ ਨਹੀਂ ਦੇਣਗੇ। ਆਲ ਇੰਡਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਹਰਿਆਣਾ ਇਕਾਈ ਨੇ ਦੱਸਿਆ ਕਿ ਰਤੀਆ, ਢਾਣੀ ਗੋਪਾਲ, ਟੋਹਾਣਾ, ਭੱਟੂ, ਚੋਪਟਾ, ਸੁਰੇਵਾਲਾ, ਡਬਵਾਲੀ ਟੌਲ ਪਲਾਜ਼ਾ, ਮੁਸਹਾਬਾਦ, ਸਰਸੋਦ ਬਿਚਪੜੀ, ਕੈਥਲ ਮੋੜ, ਕੰਡੇਲਾ, ਧਨਾਨਾ, ਈਸ਼ਰਵਾਲ, ਨੀਲੋਖੇੜੀ, ਰਾਏਪੁਰ ਰੋਡਾਨ, ਇਸਮਾਈਲਪੁਰ, ਪਲਵਲ ਸਦਰ, ਛੂਛਕਵਾਸ, ਮਾਣਡੌਠੀ, ਬੇਰਲੀ ਕਲਾਂ, ਅਟੇਲੀ ਅਤੇ ਟਿਟੌਲੀ ’ਚ ਸੜਕਾਂ ਜਾਮ ਕੀਤੀਆਂ ਜਾਣਗੀਆਂ। ਜਥੇਬੰਦੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਖੇਚਲ ਤੋਂ ਬਚਣ ਲਈ ਇਨ੍ਹਾਂ ਰਸਤਿਆਂ ’ਤੇ ਸਫ਼ਰ ਨਾ ਕਰਨ। ਇਸ ਦੌਰਾਨ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਕਰਨਾਲ ’ਚ 9 ਨਵੰਬਰ ਨੂੰ ਰੈਲੀ ਕੀਤੀ ਜਾਵੇਗੀ। ਉਸ ਤੋਂ ਬਾਅਦ 26 ਅਤੇ 27 ਨਵੰਬਰ ਨੂੰ ਦੇਸ਼ ਦੇ ਕਿਸਾਨ ਦਿੱਲੀ ਪਹੁੰਚ ਕੇ ਉਥੇ ਡੇਰਾ ਲਾਉਣਗੇ।