ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਨੇ ਅੱਜ ਟਿਕਰੀ ਧਰਨੇੇ ’ਚ ਨੰਗੇ ਧੜ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਮੁੱਖ ਮੰਚ ਕੋਲ ਨੰਗੇ ਧੜ ਧਰਨਾ ਦਿੰਦੇ ਹੋਏ ਖੇਤੀ ਕਾਨੂੰਨ ਬਣਾਉਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਨੇ ਜ਼ਮੀਨਾਂ ਬਣਾਈਆਂ, ਪੱਧਰੀਆਂ ਕੀਤੀਆਂ ਤੇ ਉਨ੍ਹਾਂ ਦਾ ਭਵਿੱਖ ਸੰਵਾਰਿਆ। ਹੁਣ ਮੋਦੀ ਸਰਕਾਰ ਖੇਤੀ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਵਾੜ ਕੇ ਘੱਟੋ-ਘੱਟ ਸਮਰਥਨ ਮੁੱਲ ਦੇਣ ਅਤੇ ਗਰੀਬਾਂ ਨੂੰ ਜਨਤਕ ਵੰਡ ਪ੍ਰਣਾਲੀ ਦੇ ਸਿਸਟਮ ਵਿੱਚੋਂ ਬਾਹਰ ਕੱਢਣ ਲਈ ਤਰਲੋਮੱਛੀ ਹੋ ਰਹੀ ਹੈ। ਕਿਸਾਨਾਂ ਨੇ ਧਰਨੇ ਵਾਲੀਆਂ ਥਾਵਾਂ ’ਤੇ ਇੰਟਰਨੈੱਟ ਸੇਵਾਵਾਂ ਬੰਦ ਕਰਕੇ ‘ਅੰਨਦਾਤੇ’ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਦੀ ਨਿੰਦਾ ਕੀਤੀ। ਕਿਸਾਨਾਂ ਨੇ ਕਿਹਾ ਕਿ ਜਿਸ ਅੰਦੋਲਨ ਨੂੰ ਕੇਂਦਰ ਸਰਕਾਰ ਇਕ ਰਾਜ ਦਾ ਅੰਦੋਲਨ ਆਖ ਰਹੀ ਸੀ, ਹੁਣ ਉਹ ਕੌਮੀ ਪੱਧਰ ਉਪਰ ਫੈਲ ਚੁੱਕਾ ਹੈ ਤੇ ਹਰਿਆਣਾ ਦੀ ਖੱਟਰ ਸਰਕਾਰ ਸਮੇਤ ਕੇਂਦਰ ਦੀ ਮੋਦੀ ਸਰਕਾਰ ਲਈ ਚੁਣੌਤੀ ਬਣ ਗਿਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਤਿੰਨੋੋਂ ਕਾਲੇ ਤੇ ਵਿਵਾਦਤ ਖੇਤੀ ਕਾਨੂੰਨ ਰੱਦ ਹੋਣ।
ਦਹੀਆ ਖਾਪ ਵੱਲੋਂ ਕਿਸਾਨੀ ਸੰਘਰਸ਼ਿਵੱਚ ਸ਼ਾਮਲ ਹੋਣ ਦਾ ਫੈਸਲਾ
ਟਿਕਰੀ ਬਾਰਡਰ ’ਤੇ ਲੱਗੇ ਮੋਰਚੇ ਵਿੱਚ ਅੱਜ ਦਹੀਆ ਖਾਪ ਵੱਲੋਂ ਪੰਚਾਇਤ ਕੀਤੀ ਗਈ। ਖਾਪ ਪੰਚਾਇਤ ਵਿੱਚ ਕਿਸਾਨ ਅੰਦੋਲਨ ਦੀ ਵਿੱਤੀ ਇਮਦਾਦ ਕਰਨ ਦੇ ਨਾਲ-ਨਾਲ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਗਿਆ। ਪੰਚਾਇਤ ਵਿੱਚ ਪਾਸ ਮਤਿਆਂ ਮੁਤਾਬਕ ਹਰ ਪਿੰਡ ਦੇ ਹਰੇਕ ਘਰ ਤੋਂ ਇਕ ਵਿਅਕਤੀ ਅੰਦੋਲਨ ਵਿੱਚ ਲਾਜ਼ਮੀ ਸ਼ਾਮਲ ਹੋਵੇਗਾ ਤੇ ਵਿੱਤ ਮੁਤਾਬਕ 50-100 ਰੁਪਏ ਅੰਦੋਲਨ ਵਿੱਚ ਲੇਖੇ ਲਾਵੇਗਾ। ਦਹੀਆ ਖਾਪ ਵੱਲੋਂ ਅਗਲੇ ਦਿਨਾਂ ’ਚ ਮਹਾਪੰਚਾਇਤ ਕੀਤੀ ਜਾਵੇਗੀ।