ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਫਰਵਰੀ
ਕਰਨਾਟਕ ਦੇ ਇੱਕ ਕਾਲਜ ਦੀਆਂ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਾਉਣ ਦੇ ਵਿਰੋਧ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੀ ਅਗਵਾਈ ਹੇਠ 12 ਫਰਵਰੀ ਨੂੰ ਹਿਜਾਬ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਅੱਜ ਜਾਮਾ ਮਸਜਿਦ ’ਚ ਸਾਰੀਆਂ ਮਸਜਿਦਾਂ, ਮਦਰੱਸਿਆਂ ਤੇ ਮੁਸਲਿਮ ਸਮਾਜਿਕ ਸੰਸਥਾਵਾਂ ਦੇ ਪ੍ਰਧਾਨ ਤੇ ਇਮਾਮ ਸਾਹਿਬਾਨ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਇਹ ਮਾਰਚ ਸਿਵਲ ਹਸਪਤਾਲ ਰੋਡ ਤੋਂ ਬਰਾਊਨ ਰੋਡ, ਸੁਭਾਨੀ ਇਮਾਰਤ, ਜਾਮਾ ਮਸਜਿਦ ਜੇਲ੍ਹ ਰੋਡ ਹੁੰਦਿਆਂ ਸਮਾਪਤ ਹੋਵੇਗਾ ਤੇ ਇਸ ’ਚ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਹਜ਼ਾਰਾਂ ਬੀਬੀਆਂ ਸ਼ਾਮਲ ਹੋਣਗੀਆਂ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਕਿਹਾ ਕਿ ਕਰਨਾਟਕ ਦੀ ਬਹਾਦਰ ਧੀ ਨੂੰ ਸਲਾਮ ਹੈ।