ਪੱਤਰ ਪ੍ਰੇਰਕ
ਮਾਨਸਾ, 8 ਜੂਨ
‘ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਤੁਰ ਜਾਣ ਨਾਲ ਪਰਿਵਾਰਕ ਮੈਂਬਰਾਂ ਅਤੇ ਉਸ ਨੂੰ ਚਾਹੁਣ ਵਾਲਿਆਂ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਇਸ ਹੱਤਿਆ ’ਚ ਸ਼ਾਮਲ ਸਾਜ਼ਿਸ਼ਕਾਰਾਂ ਅਤੇ ਕਾਤਲਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿਵਾਈ ਜਾਵੇਗੀ।’ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜਿਆ ਇਹ ਸ਼ੋਕ ਸੰਦੇਸ਼ ਅੱਜ ਸਿੱਧੂ ਮੂਸੇਵਾਲਾ ਨਮਿਤ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸ਼ਮਾਗਮ ਵਿੱਚ ਸ਼ਾਮਲ ਹੋਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਰਿਵਾਰ ਨੂੰ ਸੌਂਪਿਆ। ਇਸ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਬੇਵਕਤੀ ਮੌਤ ਨੇ ਉਸ ਦੇ ਪਰਿਵਾਰ ਅਤੇ ਦੁਨੀਆ ਭਰ ਵਿੱਚ ਵਸਦੇ ਉਸ ਦੇ ਚਾਹੁਣ ਵਾਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਪੰਜਾਬ ਸਰਕਾਰ ਸੰਗੀਤ ਜਗਤ ਦੇ ਹੀਰੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਨੇ ਸਿਰਫ਼ ਪੰਜਾਬੀ ਗਾਇਕੀ ਨੂੰ ਹੀ ਨਹੀਂ, ਸਗੋਂ ਆਪਣੇ ਪਿੰਡ ਮੂਸਾ ਦੀ ਮਿੱਟੀ ਦੀ ਖੁਸ਼ਬੂ ਵੀ ਹੱਦਾਂ-ਸਰਹੱਦਾਂ ਤੋਂ ਪਾਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਇੱਕ ਗਾਇਕ ਵਜੋਂ ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਮਗਰੋਂ ਵੀ ਸਿੱਧੂ ਆਪਣੇ ਜੱਦੀ ਕਿੱਤੇ ਖੇਤੀ ਨਾਲ ਜੁੜਿਆ ਰਿਹਾ ਤੇ ਆਪਣੇ ਮਾਪਿਆਂ ਦਾ ਪਰਛਾਵਾਂ ਬਣ ਕੇ ਰਿਹਾ ਤੇ ਉਸ ਦੀ ਇਸ ਵਿਲੱਖਣ ਜੀਵਨ ਜਾਚ ਨੇ ਹਜ਼ਾਰਾਂ ਨੌਜਵਾਨਾਂ ਦੇ ਦਿਲਾਂ ਨੂੰ ਟੁੰਬਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਰ ਜਵਾਨੀ ਵਿੱਚ ਪੁੱਤ ਦਾ ਇਸ ਦੁਨੀਆ ਤੋਂ ਰੁਖ਼ਸਤ ਹੋਣਾ ਪਰਿਵਾਰ ਲਈ ਅਸਹਿ ਹੈ ਅਤੇ ਸਿੱਧੂ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਵੀ ਵੱਡਾ ਘਾਟਾ ਪਿਆ ਹੈ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਦਿਲੀਂ ਹਮਦਰਦੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ਲਈ ਅਰਦਾਸ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਸਣੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਗੁਰਮੀਤ ਸਿੰਘ ਖੁੱਡੀਆਂ, ਬਲਕਾਰ ਸਿੰਘ ਸਿੱਧੂ ਤੇ ਨਰਿੰਦਰ ਕੌਰ ਭਰਾਜ ਨੇ ਮੁੱਖ ਮੰਤਰੀ ਦੀ ਵੱਲੋਂ ਪਰਿਵਾਰ ਨਾਲ ਦੁੱਖ ਵੰਡਾਇਆ।
ਇਸ ਦੌਰਾਨ ਅੱਜ ਇਥੇ ਲਗਾਏ ਗਏ ਖ਼ੂਨਦਾਨ ਕੈਂਪ ਵਿੱਚ 1050 ਨੌਜਵਾਨਾਂ ਨੇ ਖ਼ੂਨਦਾਨ ਕੀਤਾ ਹੈ। ਪ੍ਰਬੰਧਕਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਖ਼ੂਨਦਾਨ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਵਾਪਸ ਮੋੜਨਾ ਪਿਆ।
ਸਿੱਧੂ ਮੂਸੇਵਾਲਾ ਦੀ ਸਮਾਧ ’ਤੇ ਜੁੜਨ ਲੱਗੀ ਭੀੜ
ਮਾਨਸਾ (ਪੱਤਰ ਪ੍ਰੇਰਕ): ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੀ ਸਮਾਧ ’ਤੇ ਉਸ ਦੇ ਪ੍ਰਸ਼ੰਸਕਾਂ ਦੀ ਭੀੜ ਜੁੜਨ ਲੱਗ ਪਈ ਹੈ ਤੇ ਲੋਕ ਉਥੇ ਪੈਸੇ ਚੜ੍ਹਾ ਕੇ ਮੱਥਾ ਟੇਕ ਰਹੇ ਹਨ। ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਇੰਜ ਮੱਥਾ ਟੇਕਣ ਦੀ ਖ਼ਬਰ ਮਿਲਣ ’ਤੇ ਮਰਹੂਮ ਗਾਇਕ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੀ ਸਮਾਧ ਅੱਗੇ ਇੱਕ ਫਲੈਕਸ ਲਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਥਾਂ ’ਤੇ ਨਾ ਮੱਥਾ ਟੇਕਿਆ ਜਾਵੇ ਅਤੇ ਨਾ ਹੀ ਪੈਸੇ ਚੜ੍ਹਾਏ ਜਾਣ। ਪਰਿਵਾਰ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਸਿਰਫ਼ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ ਸੀ, ਇਸ ਲਈ ਗੁਰੂਆਂ ਦਾ ਆਸਰਾ ਲੈ ਕੇ ਉਸ ਦੀ ਯਾਦ ਵਿੱਚ ਇੱਕ-ਇੱਕ ਬੂਟਾ ਲਾ ਕੇ ਪਾਲਿਆ ਜਾਵੇ। ਜ਼ਿਕਰਯੋਗ ਹੈ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕੀਤੇ ਗਏ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਪਰਿਵਾਰ ਨੇ ਆਪਣੇ ਖੇਤ ਵਿੱਚ ਕੀਤਾ ਸੀ। ਅੰਤਿਮ ਸੰਸਕਾਰ ਤੋਂ ਬਾਅਦ ਸਿੱਧੂ ਦੀ ਯਾਦ ਵਿੱਚ ਇਥੇ ਹੀ ਇੱਕ ਚਬੂਤਰਾ ਬਣਾ ਦਿੱਤਾ ਗਿਆ, ਜਿਥੇ ਹੁਣ ਮਰਹੂਮ ਗਾਇਕ ਦੇ ਚਾਹੁਣ ਵਾਲੇ ਆ ਕੇ ਉਸ ਨੂੰ ਸਿਜਦਾ ਕਰਦੇ ਹਨ। ਪਰਿਵਾਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਘਰ ਅਫ਼ਸੋਸ ਲਈ ਆਉਣ ਵਾਲੇ ਪ੍ਰਸ਼ੰਸਕ ਉਸ ਦੀ ਸਮਾਧ ’ਤੇ ਜਾ ਕੇ ਚੜ੍ਹਾਵਾ ਚੜ੍ਹਾਅ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸਿੱਧੂ ਦੇ ਪਰਿਵਾਰ ਵੱਲੋਂ ਉਸ ਦੀ ਯਾਦਗਾਰ ਲਈ ਕਿਸੇ ਕਿਸਮ ਦਾ ਕੋਈ ਫੰਡ ਨਹੀਂ ਲਿਆ ਜਾ ਰਿਹਾ ਤੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।