ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੂਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ, ਕਾਤਲਾਂ ਨੂੰ ਹਥਿਆਰ ਮੁਹੱਈਆ ਕਰਵਾਉਣ, ਵਾਹਨ ਦੇਣ, ਰੇਕੀ ਕਰਨ ਤੇ ਕਾਤਲਾਂ ਨੂੰ ਪਨਾਹ ਦੇਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਅੱਠ ਮੁਲਜ਼ਮਾਂ ਤੋਂ ਮਾਨਸਾ ਪੁਲੀਸ ਲਗਾਤਾਰ ਪੁੱਛ-ਪੜਤਾਲ ਕਰ ਰਹੀ ਹੈ। ਇਸ ਸਬੰਧੀ ਪੁਲੀਸ ਨੇ ਮਾਨਸਾ ਅਦਾਲਤ ’ਚੋਂ ਸੰਦੀਪ ਕੇਕੜਾ ਤੇ ਪ੍ਰਦੀਪ ਉਰਫ਼ ਪੱਬੀ ਦਾ ਰਿਮਾਂਡ ਵਧਾ ਲਿਆ ਹੈ ਤੇ ਉਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਬਠਿੰਡਾ ਦੇ ਹਰਕਮਲ ਅਤੇ ਕੇਸ਼ਵ ਦੇ ਘਰ ਛਾਪੇਮਾਰੀ ਵੀ ਕੀਤੀ ਗਈ। ਹਾਲਾਂਕਿ ਇਸ ਛਾਪਾਮਾਰੀ ਦੌਰਾਨ ਕੇਸ਼ਵ ਪੁਲੀਸ ਦੇ ਹੱਥ ਨਹੀਂ ਲੱਗਿਆ, ਪਰ ਪੁਲੀਸ ਕੋਲ ਪੁਖਤਾ ਸਬੂਤ ਹਨ ਕਿ ਸਿੱਧੂ ਮੂਸੇਵਾਲਾ ਨਾਲ ਸੈਲਫ਼ੀ ਲੈਣ ਵੇਲੇ ਸੰਦੀਪ ਕੇਕੜਾ ਨਾਲ ਨਿੱਕੂ ਅਤੇ ਕੇਸ਼ਵ ਮੌਜੂਦ ਸਨ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਕੇਸ਼ਵ ਹੱਤਿਆ ਦੇ ਦੋਸ਼ ਹੇਠ ਜੇਲ੍ਹ ਵਿੱਚ ਸੀ ਤੇ ਜ਼ਮਾਨਤ ’ਤੇ ਬਾਹਰ ਆਇਆ ਸੀ। ਮੂਸੇਵਾਲਾ ਦੀ ਹੱਤਿਆ ਕਰਨ ਮੌਕੇ ਵਰਤੀ ਇੱਕ ਗੱਡੀ ਵੀ ਕੇਸ਼ਵ ਕੋਲ ਸੀ। ਇਹ ਵੀ ਪਤਾ ਲੱਗਿਆ ਹੈ ਕਿ ਸਿੱਧੂ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਮਨਪ੍ਰੀਤ ਮੰਨਾ ਨਾਲ ਕੇਸ਼ਵ ਦੇ ਸਬੰਧ ਸਨ। ਫਿਰੋਜ਼ਪੁਰ ਜੇਲ੍ਹ ਵਿੱਚ ਕੇਸ਼ਵ ਤੇ ਮਨਪ੍ਰੀਤ ਮੰਨਾ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ ਤੇ ਮਨਪ੍ਰੀਤ ਨੇ ਹੀ ਕੇਸ਼ਵ ਨੂੰ ਗੱਡੀ ਮੁਹੱਈਆ ਕਰਵਾਈ ਸੀ। ਵਾਰਦਾਤ ਵਾਲੇ ਦਿਨ ਕੇਕੜਾ ਮੋਟਰਸਾਈਕਲ ’ਤੇ ਕੇਸ਼ਵ ਤੇ ਨਿੱਕੂ ਨੂੰ ਪਿੰਡ ਮੂਸਾ ਲਿਆਇਆ ਸੀ, ਜਿਸ ਮਗਰੋਂ ਨਿੱਕੂ ਤੇ ਕੇਸ਼ਵ ਗੱਡੀ ਵਿੱਚ ਸਿੱਧੂ ਦੇ ਪਿੱਛੇ ਗਏ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਸਿੱਧੂ ਮੂਸੇਵਾਲਾ ਕਤਲ ਕਾਂਡ ਸਬੰਧੀ ਫੜੇ ਗਏ ਦੋ ਮੁਲਜ਼ਮਾਂ ਨੂੰ ਅੱਜ ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਪ੍ਰਦੀਪ ਉਰਫ਼ ਪੱਬੀ ਨੂੰ 9 ਜੂਨ ਤੱਕ ਤੇ ਸੰਦੀਪ ਕੁਮਾਰ ਉਰਫ਼ ਕੇਕੜਾ ਨੂੰ 11 ਜੂਨ ਤੱਕ ਰਿਮਾਂਡ ’ਤੇ ਭੇਜਿਆ ਗਿਆ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਮੋਨਾ ਡਾਗਰ ਨੂੰ ਭਲਕੇ ਪ੍ਰੋਟਕਸ਼ਨ ਵਾਰੰਟ ’ਤੇ ਮੋਗਾ ਤੋਂ ਮਾਨਸਾ ਲਿਆਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੂਸੇਵਾਲਾ ਕਤਲ ਸਬੰਧੀ ਬਣਾਈ ਸਿੱਟ ਦੀ ਭਲਕੇ ਉੱਚ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ, ਜਿਸ ਵਿੱਚ ਇਸ ਕਤਲ ਕਾਂਡ ਲਈ ਹੁਣ ਤੱਕ ਫੜੇ ਗਏ ਸਾਰੇ ਮੁਲਜ਼ਮਾਂ ਦੀ ਭੂਮਿਕਾ ਸਬੰਧੀ ਵਿਚਾਰ ਕੀਤੀ ਜਾਵੇਗੀ।