ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਜੁਲਾਈ
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਦੋ ਗੈਂਗਸਟਰ ਪੁਲੀਸ ’ਚ ਮੁਕਾਬਲੇ ਮਾਰੇ ਜਾਣ ਦੇ ਮਾਮਲੇ ਦੀ ਨਿਆਂਇਕ ਜਾਂਚ ਆਰੰਭ ਹੋ ਗਈ ਹੈ। ਇਹ ਜਾਂਚ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ। ਪੁਲੀਸ ਨਾਲ ਹੋਏ ਮੁਕਾਬਲੇ ਦੇ ਇਸ ਮਾਮਲੇ ਦੀ ਜਾਂਚ ਐੱਸਡੀਐੱਮ ਅਜਨਾਲਾ ਅਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੇ ਅੱਜ ਘਟਨਾ ਸਥਾਨ ਦਾ ਜਾਇਜ਼ਾ ਲਿਆ। ਐੱਸਡੀਐੱਮ ਲਗਪਗ ਦੋ ਘੰਟੇ ਘਟਨਾ ਸਥਾਨ ’ਤੇ ਰਹੇ ਅਤੇ ਘਟਨਾ ਬਾਰੇ ਵੇਰਵੇ ਹਾਸਲ ਕੀਤੇ। ਉਨ੍ਹਾਂ ਨੇ ਮੌਕੇ ’ਤੇ ਹਾਜ਼ਰ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਪੁਲੀਸ ਮੁਕਾਬਲੇ ਦੀ ਮੁਕੰਮਲ ਜਾਣਕਾਰੀ ਲਈ ਅਤੇ ਇਸ ਸਬੰਧ ’ਚ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਇਸੇ ਦੌਰਾਨ ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ’ਤੇ ਇਸ ਮਾਮਲੇ ਦੀ ਜਾਂਚ ਲਈ ਪੁਲੀਸ ਦੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਲੋਕਾਂ ਮੁਤਾਬਕ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਇੱਥੇ ਇੱਕ ਕਾਰ ਵਿੱਚ ਲਿਆਂਦਾ ਗਿਆ ਸੀ। ਫੋਰੈਂਸਿਕ ਟੀਮ ਨੇ ਅੱਜ ਤੀਜੇ ਦਿਨ ਵੀ ਇਸ ਇਲਾਕੇ ਵਿੱਚ ਜਾਂਚ ਜਾਰੀ ਰੱਖੀ ਅਤੇ ਉਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਘੋਖੀ ਜਾ ਰਹੀ ਹੈ।