ਜੋਗਿੰਦਰ ਸਿੰਘ ਮਾਨ
ਮਾਨਸਾ, 28 ਜੁਲਾਈ
ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਲਈ ਦਿੱਲੀ ਤੋਂ ਲਿਆਂਦੇ ਅੰਕਿਤ ਸੇਰਸਾ ਅਤੇ ਸਚਿਨ ਚੌਧਰੀ ਦਾ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਡਾਕਟਰੀ ਮੁਆਇਨਾ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਅਦਾਲਤੀ ਹੁਕਮਾਂ ਤੋਂ ਬਾਅਦ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਭੇਜਿਆ ਗਿਆ। ਉਨ੍ਹਾਂ ਨੂੰ ਗੋਵਿੰਦਵਾਲ ਦੀ ਜੇਲ੍ਹ ਵਿੱਚ ਭੇਜਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਪ੍ਰਿਆਵਰਤ ਫੌਜੀ ਸਮੇਤ ਕਸ਼ਿਸ ਉਰਫ਼ ਕੁਲਦੀਪ,ਦੀਪਕ ਟੀਨੂੰ ਅਤੇ ਹੋਰਨਾਂ ਨੂੰ ਇਸ ਜੇਲ੍ਹ ’ਚੋਂ ਗੋਵਿੰਦਵਾਲ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜਿਆ ਗਿਆ ਹੈ। ਮਾਨਸਾ ਦੇ ਪੁਲੀਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਕਸ਼ਮੀਰੀ ਗੇਟ ਤੋਂ ਗਿ੍ਫ਼ਤਾਰੀ ਤੋਂ ਬਾਅਦ ਅੰਕਿਤ ਸੇਰਸਾ ਦੇ ਮੋਬਾਈਲ ਫੋਨ ਨੂੰ ਜਦੋਂ ਦੇਖਿਆ ਗਿਆ ਤਾਂ ਉਸ ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਅੰਕਿਤ ਸੇਰਸਾ ਨਾਲ ਪਿ੍ਆਵਰਤ ਫੌਜੀ,ਸਚਿਨ ਭਿਵਾਨੀ,ਕਪਿਲ ਪੰਡਿਤ ਅਤੇ ਦਾਨਾ ਰਾਮ ਜਸ਼ਨ ਮਨਾਉਂਦੇ ਨਜ਼ਰ ਆਏ ਹਨ। ਕਤਲ ਲਈ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਨੇ ਮੂੰਹ ਮੰਗੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਉਨ੍ਹਾਂ ਨੂੰ ਨਾ ਪੈਸੇ ਦਿੱਤੇ ਗਏ ਹਨ ਅਤੇ ਨਾ ਹੀ ਲਾਰੈਂਸ ਗੈਂਗ ਨੇ ਸਾਥ ਦਿੱਤਾ ਹੈ।