ਜਗਜੀਤ ਸਿੰਘ
ਮੁਕੇਰੀਆਂ, 25 ਦਸੰਬਰ
ਇਥੋਂ ਦੇ ਪੈਲੇਸ ਵਿੱਚ ਭਾਜਪਾ ਵਲੋਂ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਖੇਤੀ ਕਨੂੰਨਾਂ ਦਾ ਲਾਭ ਸੁਣਨ ਆਏ ਕਾਰਕੁਨਾਂ ਨੂੰ ਕਿਸਾਨੀ ਰੋਹ ਕਾਰਨ ਪੈਲੇਸ ਦੀਆਂ ਕੰਧਾਂ ਟੱਪ ਕੇ ਭੱਜਣਾ ਪਿਆ। ਇਸ ਮੌਕੇ ਪੈਲੇਸ ਦਾ ਵਿਰੋਧ ਕਰ ਰਹੇ ਕਿਸਾਨਾ ਕੋਲੋਂ ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਦੇ ਆਪਣੀ ਗੱਡੀ ਵਿੱਚ ਚੁੱਪ ਚਪੀਤੇ ਨਿਕਲ ਜਾਣ ਖ਼ਿਲਾਫ਼ ਕਿਸਾਨਾਂ ਵਿੱਚ ਰੋਸ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕਾਂਗਰਸ ਤੇ ਪੁਲੀਸ ਅਧਿਕਾਰੀਆਂ ਨੇ ਭਾਜਪਾਈਆਂ ਨਾਲ ਆਪਣੀ ਪੁਰਾਣੀ ਸਾਂਝ ਪੁਗਾਈ ਹੈ ਅਤੇ ਭਾਜਪਾ ਦੇ ਸਮਾਗਮ ਨੂੰ ਸੁਰੱਖਿਅਤ ਰੱਖਦਿਆਂ ਵਿਰੋਧ ਕਰਨ ਆਏ ਕਿਸਾਨਾਂ ਨੂੰ ਖੁਦ ਡੀਐੱਸਪੀ ਦੀ ਅਗਵਾਈ ਵਾਲੀ ਟੀਮ ਨੇ ਰਸਤੇ ’ਚ ਵਾਰ-ਵਾਰ ਰੋਕਿਆ, ਜਿਸ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚੋਂ ਦੀ ਹੋ ਕੇ ਪੈਲੇਸ ਤੱਕ ਪੁੱਜਣਾ ਪਿਆ। ਐੱਸਪੀ ਧਰਮਵੀਰ ਸਿੰਘ ਨੇ ਪੁਲੀਸ ’ਤੇ ਲੱਗੇ ਦੋਸ਼ਾਂ ਨੂੰ ਰੱਦ ਕੀਤਾ ਹੈ। ਭਾਜਪਾ ਨੇ ਅੱਜ ਸ਼ਰਧਾਂਜਲੀ ਸਮਾਗਮ ਜ਼ਰੀਏ ਖੇਤੀ ਕਨੂੰਨਾਂ ਦਾ ਲਾਹਾ ਦੱਸਣ ਲਈ ਪਿੰਡ ਬਹਬਿਲਮੰਝ ਤੇ ਸ਼ਹਿਰ ਦੇ ਪੈਲੇਸ ਵਿੱਚ ਕਾਰਕੁਨ ਸਮਾਗਮ ਰੱਖਿਆ ਹੋਇਆ ਸੀ। ਸਵੇਰੇ ਟੌਲ ਪਲਾਜ਼ਾ ’ਤੇ ਇਕੱਤਰ ਹੋਏ ਕਿਸਾਨਾਂ ਨੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਤਨਾਮ ਸਿੰਘ ਬਾਗੜੀਆਂ ਤੇ ਜੱਟ ਮਹਾਂਸਭਾ ਦੇ ਆਗੂ ਸਤਨਾਮ ਸਿੰਘ ਚੀਮਾ ਦੀ ਅਗਵਾਈ ਵਿੱਚ ਪਿੰਡ ਬਹਬਿਲਮੰਝ ਵੱਲ ਕੂਚ ਕੀਤਾ ਅਤੇ ਕਿਸਾਨੀ ਵਿਰੋਧ ਕਾਰਨ ਇਹ ਸਮਾਗਮ ਵਿਚਾਲੇ ਛੱਡਣਾ ਪਿਆ। ਇਸ ਉਪਰੰਤ ਜਦੋਂ ਕਿਸਾਨਾ ਨੇ ਸ਼ਹਿਰ ਦੇ ਪੈਲੇਸ ਵਿਚਲੇ ਸਮਾਗਮ ਦਾ ਵਿਰੋਧ ਕਰਨ ਲਈ ਚਾਲੇ ਪਾਏ ਤਾਂ ਡੀਐੱਸਪੀ ਮੁਕੇਰੀਅ ਰਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਕਥਿਤ ਤੌਰ ’ਤੇ ਕਿਸਾਨਾਂ ਦੇ ਕਾਫਲੇ ਨੂੰ ਵਾਰ ਵਾਰ ਰੋਕੀ ਰੱਖਿਆ ਅਤੇ ਕਿਸਾਨ ਖੇਤਾਂ ਵਿਚੋਂ ਦੀ ਘੁੰਮ ਕੇ ਪੈਲੇਸ ਦੇ ਬਾਹਰ ਪੁੱਜੇ। ਇੱਥੇ ਸਮਾਗਮ ਦੀ ਸੁਰੱਖਿਆ ਲਈ ਐਸਪੀ ਧਰਮਵੀਰ ਸਿੰਘ ਦੀ ਅਗਵਾਈ ਵਿੱਚ ਤਾਇਨਾਤ ਡੀਐਸਪੀ ਮੁਨੀਸ਼ ਕੁਮਾਰ ਤੇ ਡੀਐਸਪੀ ਅਮਰਨਾਥ ਦੀ ਟੀਮ ਨੇ ਕਿਸਾਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਜਦੋਂ ਕਿ ਸਮਾਗਮ ਦੀ ਅਗਵਾਈ ਕਰਨ ਵਾਲੇ ਸਾਬਕਾ ਮੰਤਰੀ ਅਰੁਨੇਸ਼ ਸ਼ਾਕਰ ਤੇ ਹਲਕਾ ਇੰਚਾਰਜ ਜੰਗੀ ਲਾਲ ਮਹਾਜ਼ਨ ਦਰਜ਼ਨ ਕੁ ਕਾਰਕੁਨਾਂ ਸਮੇਤ ਪਹਿਲਾਂ ਹੀ ਸਮਾਗਮ ਵਾਲੀ ਥਾਂ ਤੋਂ ਜਾ ਚੁੱਕੇ ਸਨ। ਵਿਰੋਧ ਕਰਦੇ ਹੋਏ ਕਿਸਾਨ ਜਦੋਂ ਪੈਲੇਸ ਅੰਦਰ ਵੜ੍ਹੇ ਤਾਂ ਅੰਦਰ ਰਹਿੰਦੇ ਭਾਜਪਾ ਕਾਰਕੁਨਾਂ ਪੈਲੇਸ ਦੀਆਂ ਕੰਧਾਂ ਟੱਪਦੇ ਹੋਏ ਖੇਤਾਂ ਵਿੱਚ ਦੀ ਭੱਜ ਗਏ।