ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਫਰਵਰੀ
ਵਿਧਾਨ ਸਭਾ ਦੀਆਂ ਇਨ੍ਹਾਂ ਚੋਣਾਂ ਦੌਰਾਨ ਨਿਵੇਕਲੀ ਤਰ੍ਹਾਂ ਦੇ ਰੰਗ-ਢੰਗ ਵੇਖਣ ਨੂੰ ਮਿਲ ਰਹੇ ਹਨ। ਰਾਜਸੀ ਆਗੂਆਂ ਨੂੰ ਵੈਸੇ ਤਾਂ ਹਮੇਸ਼ਾ ਹੀ ਸਿਆਸਤ ਦੀ ਖੁਮਾਰੀ ਚੜ੍ਹੀ ਰਹਿੰਦੀ ਹੈ ਪਰ ਚੋਣਾਂ ਦੇ ਦਿਨਾਂ ’ਚ ਤਾਂ ਉਹ ਪੂਰੀ ਤਰ੍ਹਾਂ ਚੋਣਾਂ ਦੇ ਰੰਗ ’ਚ ਰੰਗ ੇ ਹੋਏ ਹੁੰਦੇ ਹਨ। ਇਸ ਦੇ ਉਲਟ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਤੋਂ ਵੀ ਕਿਨਾਰਾ ਕਰਨਾ ਪੈ ਰਿਹਾ ਹੈ। ਅਸਲ ’ਚ ਉਹ ਅਜਿਹੀ ਸਿਆਸੀ ਮਜਬੂਰੀ ਦਾ ਸ਼ਿਕਾਰ ਹੋ ਗਏ ਹਨ, ਜਿਸ ਦੌਰਾਨ ਉਨ੍ਹਾਂ ਨੂੰ ਨਾ ਸਿਰਫ਼ ‘ਮੌਨ’ ਧਾਰਨਾ ਪੈ ਰਿਹਾ ਹੈ, ਬਲਕਿ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿਚ ‘ਨਜ਼ਰਬੰਦ’ ਵੀ ਰਹਿਣਾ ਪੈ ਰਿਹਾ ਹੈ।
ਅਸਲ ’ਚ ਪ੍ਰਨੀਤ ਕੌਰ ਕਾਂਗਰਸ ਵੱਲੋਂ ਸੰਸਦ ਮੈਂਬਰ ਹਨ। ਜਦਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਬਣਾ ਚੁੱਕੇ ਹਨ ਅਤੇ ਉਸੇ ਪਾਰਟੀ ਵੱਲੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਵੀ ਹਨ। ਲੋਕਾਂ ’ਚ ਵਧੇਰੇ ਵਿਚਰਦੇ ਰਹਿਣ ਕਰਕੇ ਪਹਿਲਾਂ ਪਤੀ ਦੀ ਚੋਣ ਮੁਹਿੰਮ ਦੀ ਕਮਾਨ ਪ੍ਰਨੀਤ ਕੌਰ ਦੇ ਹੱਥਾਂ ’ਚ ਹੀ ਹੋਇਆ ਕਰਦੀ ਸੀ। ਪਰ ਐਤਕੀਂ ਇਹ ਕਮਾਨ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਨੂੰ ਸੰਭਾਲਣੀ ਪਈ ਹੈ।
ਜੇ ਪ੍ਰਨੀਤ ਕੌਰ ਕੈਪਟਨ ਦੀ ਚੋਣ ਮੁਹਿੰਮ ਦਾ ਹਿੱਸਾ ਬਣਦੇ ਹਨ ਤਾਂ ਕਾਂਗਰਸ ਅਨੁਸ਼ਾਸਨੀ ਕਾਰਵਾਈ ਕਰ ਸਕਦੀ ਹੈ। ਅਜਿਹੀ ਸੂਰਤ ’ਚ ਭਾਵੇਂ ਉਨ੍ਹਾਂ ਦੀ ਲੋਕ ਸਭਾ ਮੈਂਬਰੀ ’ਤੇ ਤਾਂ ਕੋਈ ਫਰਕ ਨਹੀਂ ਪਵੇਗਾ ਪਰ ਉਹ ‘ਆਪ’ ਤੋਂ ਜਿੱਤੇ ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਸਮੇਤ ਅਜਿਹੇ ਕਈ ਹੋਰ ਆਗੂਆਂ ਦੀ ਤਰ੍ਹਾਂ ਹੀ ਆਪਣੀ ਪਾਰਟੀ ਤੋਂ ਅਲੱਗ ਪੈ ਸਕਦੇ ਹਨ। ਇਸ ਕਰ ਕੇ ਉਹ ਮੋਤੀ ਮਹਿਲ ਦੇ ਅੰਦਰ ਹੀ ਰਹਿ ਰਹੇ ਹਨ। ਨਾ ਤਾਂ ਉਹ ਆਪਣੀ ਪਾਰਟੀ ਕਾਂਗਰਸ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਨਾ ਹੀ ਆਪਣੇ ਪਤੀ ਦੀ ਪਾਰਟੀ ਲਈ। ਫੋਨ ਕਰਨ ’ਤੇ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ।