ਸ਼ਗਨ ਕਟਾਰੀਆ
ਜੈਤੋ, 18 ਮਈ
ਜੈਤੋ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮੁੱਦੇ ’ਤੇ ਕਾਂਗਰਸ ਦੀ ਅੰਦਰੂਨੀ ਫੁੱਟ ਜੱਗ ਜ਼ਾਹਰ ਹੋ ਗਈ ਹੈ। ਅੱਜ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਅਤੇ ਕਮੇਟੀ ਮੈਂਬਰਾਂ ਨੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ’ਤੇ ਕਥਿਤ ਤੌਰ ’ਤੇ ਦੂਸ਼ਣ ਲਾਉਣ ਵਾਲਿਆਂ ’ਤੇ ਜੁਆਬੀ ਹਮਲੇ ਕੀਤੇ।
ਸ੍ਰੀ ਮੜ੍ਹਾਕ ਨੇ ਕਿਹਾ ਕਿ ਮੁਹੰਮਦ ਸਦੀਕ ਵੱਲੋਂ ਹਲਕਾ ਇੰਚਾਰਜ ਵਜੋਂ ਜੈਤੋ ਲਈ ਕੀਤੇ ਮਿਸਾਲੀ ਕਾਰਜ ਕਿਸੇ ਪ੍ਰਸੰਸਾ ਦੇ ਮੁਥਾਜ ਨਹੀਂ। ਉਨ੍ਹਾਂ ਆਖਿਆ ਕਿ ਮਨਜੀਤ ਸਿੰਘ ਝਲਬੂਟੀ ਦੇ ‘ਲਿਫ਼ਾਫ਼ੇ’ ਵਿਚੋਂ ਨਿੱਕਲੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਹ ਇਸ ਲਈ ਮਾਨਤਾ ਨਹੀਂ ਦਿੰਦੇ ਕਿਉਂਕਿ ਸੁਮਨ ਦੇਵੀ ਨੂੰ 17 ’ਚੋਂ 11 ਕੌਂਸਲਰਾਂ ਦੀ ਹਮਾਇਤ ਸੀ। ਉਨ੍ਹਾਂ ਕਿਹਾ ਕਿ ਚੋਣ ਨਿਗਰਾਨ ਅਧਿਕਾਰੀ ਨੇ ਵੋਟਿੰਗ ਨਾ ਕਰਵਾ ਕੇ, ਲੋਕਤੰਤਰ ਦਾ ਅਪਮਾਨ ਕੀਤਾ ਅਤੇ ਲਿਹਾਜ਼ਾ ਮਜਬੂਰੀਵੱਸ ਪ੍ਰਧਾਨ ਦੀ ਚੋਣ ਨੂੰ ਚੁਣੌਤੀ ਦੇਣ ਲਈ ਮਾਮਲਾ ਹਾਈ ਕੋਰਟ ਲਿਜਾਣਾ ਪਿਆ। ਉਨ੍ਹਾਂ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ’ਤੇ ਜੈਤੋ ਹਲਕੇ ਦੇ ਮਾਮਲਿਆਂ ’ਚ ‘ਦਖ਼ਲ’ ਦੇਣ ਦਾ ਦੋਸ਼ ਲਾਇਆ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੌਂਸਲ ਅਹੁਦੇਦਾਰਾਂ ਦੀ ਚੋਣ ’ਚ ਕੁਸ਼ਲਦੀਪ ਢਿੱਲੋਂ ਦੇ ਕਰੀਬੀ ਸੁਰਜੀਤ ਸਿੰਘ ਬਾਬਾ ਤੇ ਜਤਿੰਦਰ ਬਾਂਸਲ ਕ੍ਰਮਵਾਰ ਪ੍ਰਧਾਨ ਅਤੇ ਮੀਤ ਬਣੇ ਸਨ। ਮੁਹੰਮਦ ਸਦੀਕ ਧੜੇ ਨੇ ਚੋਣ ਨੂੰ ‘ਗ਼ੈਰ-ਲੋਕਤੰਤਰੀ’ ਕਹਿ ਕੇ ਵਿਰੋਧ ਕੀਤਾ ਸੀ। ਉਹ ਮਾਮਲੇ ਨੂੰ ਉੱਚ ਅਦਾਲਤ ਤੱਕ ਲੈ ਗਏ ਸਨ, ਜਿਸ ਦੀ ਸੁਣਵਾਈ ਭਲਕੇ 19 ਮਈ ਨੂੰ ਹੈ। ਸ੍ਰੀ ਸਦੀਕ ਅਤੇ ਸ੍ਰੀ ਢਿੱਲੋਂ ਵੱਲੋਂ ਮੀਡੀਆ ’ਚ ਖੁੱਲ੍ਹ ਕੇ ਇਕ-ਦੂਜੇ ’ਤੇ ਦੋਸ਼ ਲਾਉਣ ਮਗਰੋਂ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਵੀ ਮੀਡੀਆ ਰਾਹੀਂ ਸ੍ਰੀ ਸਦੀਕ ਨੂੰ ਮਾਮਲਾ ਹਾਈ ਕਮਾਂਡ ਕੋਲ ਉਠਾਉਣ ਦੀ ਨਸੀਹਤ ਦੇ ਚੁੱਕੇ ਹਨ। ਬੀਤੇ ਦਿਨ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਗੁਰਸੇਵਕ ਸਿੰਘ ਜੈਤੋ ਵੱਲੋਂ ਵੀ ਸ੍ਰੀ ਸਦੀਕ ਨੂੰ ਆਲੋਚਨਾ ਦਾ ਨਿਸ਼ਾਨਾ ਬਣਾਇਆ ਗਿਆ ਸੀ।