ਬੀ ਐਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 10 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਨ ਮਗਰੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਸਣੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਣਦਾ ਮਾਣ ਸਤਿਕਾਰ ਨਾ ਦੇਣ ਵਾਲੇ ਪ੍ਰਧਾਨ ਮੰਤਰੀ ਨੂੰ ਸ਼ਤਾਬਦੀ ਸਮਾਗਮਾਂ ਵਿੱਚ ਨਹੀਂ ਸੱਦਿਆ ਜਾਵੇਗਾ ਕਿਉਂਕਿ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਵਾਸਤੇ ਪਹਿਲਾਂ ਸਿੱਖ ਕੌਮ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਨ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਆਉਣ ਵਾਲੇ ਸ਼ਤਾਬਦੀ ਸਮਾਗਮਾਂ ਲਈ ਕਮੇਟੀ ਬਣਾਈ ਗਈ ਹੈ ਤੇ ਇਹ ਦਿਹਾੜੇ ਵੱਡੇ ਪੱਧਰ ’ਤੇ ਮਨਾਏ ਜਾਣਗੇ।
ਇਸੇ ਦੌਰਾਨ ਅੱਜ ਦੋਆਬਾ ਜ਼ੋਨ ਦੇ ਮੈਨੇਜਰਾਂ ਨਾਲ ਹੋਈ ਬੈਠਕ ’ਚ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਡਾ. ਦਿਲਜੀਤ ਸਿੰਘ ਭਿੰਡਰ, ਪਰਮਜੀਤ ਕੌਰ, ਸਕੱਤਰ ਪ੍ਰਤਾਪ ਸਿੰਘ ਆਦਿ ਦੀ ਹਾਜ਼ਰੀ ’ਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਈ ਵੀ ਮੁਲਾਜ਼ਮ ਜੇ ਚੋਰੀ, ਔਰਤਾਂ ਦਾ ਸ਼ੋਸ਼ਣ ਕਰਤਾ ਜਾਂ ਫਿਰ ਪ੍ਰਬੰਧ ’ਚ ਬੇਨਿਯਮੀਆਂ, ਸ਼ਰਾਬ ਜਾਂ ਹੋਰ ਨਸ਼ੇ ਕਰਦਾ ਅਤੇ ਖਾਸ ਕਰਕੇ ਸੰਗਤ ਨਾਲ ਦੁਰਵਿਹਾਰ ਕਰਦਾ ਪਾਇਆ ਗਿਆ ਤਾਂ ਤੁਰੰਤ ਬਰਖ਼ਾਸਤ ਕਰ ਦਿੱਤਾ ਜਾਵੇਗਾ।
ਜੇ ਕਿਸੇ ਮੁਲਾਜ਼ਮ ਨੇ ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਕਮੇਟੀ, ਉੱਚ ਅਧਿਕਾਰੀਆਂ, ਅਹੁਦੇਦਾਰਾਂ ਜਾਂ ਪਾਰਟੀ ਬਾਰੇ ਗ਼ਲਤ ਟਿੱਪਣੀ ਜਾਂ ਕੂੜ ਪ੍ਰਚਾਰ ਕੀਤਾ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਧ ਰਹੇ ਖਰਚੇ ਘਟਾਉਣ ਲਈ ਅਤੇ ਭਵਿੱਖ ਵਿੱਚ ਸੰਜਮ ਨਾਲ ਖਰਚੇ ਕਰਨ ਵਾਸਤੇ ਜਲਦੀ ਆਡੀਟਰ ਦੀ ਨਿਯੁਕਤੀ ਕੀਤੀ ਜਾਵੇਗੀ ਤਾਂ ਜੋ ਬਿਜਲੀ ਤੇ ਪਾਣੀ ਦੇ ਖਰਚੇ ਜਾਂ ਹੋਰ ਖ਼ਰੀਦੋ ਫਰੋਖਤ ਨੂੰ ਚੰਗੀ ਤਰ੍ਹਾਂ ਨਾਲ ਵਾਚਿਆ ਜਾ ਸਕੇ ਅਤੇ ਸੰਗਤਾਂ ਵੱਲੋਂ ਚੜ੍ਹਾਏ ਜਾਣ ਵਾਲੇ ਪੈਸੇ ਦਾ ਹਿਸਾਬ ਤੇ ਵਰਤੋਂ ਸਹੀ ਢੰਗ ਨਾਲ ਕੀਤੀ ਜਾ ਸਕੇ।