ਪੱਤਰ ਪ੍ਰੇਰਕ
ਕਾਦੀਆਂ, 23 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਆਉਣ ’ਤੇ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਅੱਜ ਇੱਥੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਹ ਮੁਜ਼ਾਹਰਾ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿਸਟਰਡ ਸਬ ਡਿਵੀਜ਼ਨ ਕਾਦੀਆਂ ਦੇ ਪ੍ਰਧਾਨ ਸੁਖਦੇਵ ਸਿੰਘ ਸੇਖਵਾਂ ਦੀ ਪ੍ਰਧਾਨਗੀ ਹੇਠ ਬਿਜਲੀ ਕਾਮਿਆਂ ਵੱਲੋਂ ਕੀਤਾ ਗਿਆ। ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਮਰਾਜੀ ਤਾਕਤਾਂ ਦੀਆਂ ਨਿਰਦੇਸ਼ਤ ਨੀਤੀਆਂ ਤਹਿਤ ਨਿੱਜੀਕਰਨ, ਸੰਸਾਰੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਜਲੀ ਐਕਟ 2022 ਦਾ ਮਕਸਦ ਬਿਜਲੀ ਖੇਤਰ ਵਿੱਚ ਪੱਕੇ ਰੁਜ਼ਗਾਰ ਦਾ ਖ਼ਾਤਮਾ ਕਰ ਕੇ ਬਿਜਲੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾਣਾ ਹੈ। ਇਸ ਪ੍ਰਦਰਸ਼ਨ ਵਿੱਚ ਟੀਐੱਸਯੂ ਵੱਲੋਂ ਸੁਰਜੀਤ ਸਿੰਘ ਗੁਰਾਇਆ, ਪ੍ਰੇਮ ਕੁਮਾਰ, ਹਰਦੀਪ ਸਿੰਘ ਸੇਖੋਂ, ਫੈੱਡਰੇਸ਼ਨ ਏਟਕ ਵੱਲੋਂ ਪਿਆਰਾ ਸਿੰਘ ਭਾਮੜੀ, ਰਾਮ ਲੂਭਾਇਆ, ਐੱਮਯੂਓ ਜਥੇਬੰਦੀ ਦੇ ਮਨਦੀਪ ਸਿੰਘ ਕੋਟਲਾ ਮੂਸਾ ਤੇ ਐਂਪਲਾਈਜ਼ ਫੈੱਡਰੇਸ਼ਨ ਦੇ ਆਗੂ ਬਲਵਿੰਦਰ ਸਿੰਘ ਬਾਜਵਾ ਸ਼ਾਮਲ ਹੋਏ।