ਮੋਦੀ ਚੀਨੀ ਕੰਪਨੀਆਂ ਤੋਂ ਲਏ ਫੰਡ ਮੋੜਨ: ਕੈਪਟਨ

* ਚੀਨ ਖ਼ਿਲਾਫ਼ ਸਖ਼ਤ ਸਟੈਂਡ ਦੀ ਵਕਾਲਤ; * ਖੇਤੀ ਆਰਡੀਨੈਂਸਾਂ ਤੇ ਤਜਵੀਜ਼ਤ ਬਿਜਲੀ ਸੋਧ ਬਿੱਲ ਲਈ ਮੋਦੀ ਸਰਕਾਰ ਨੂੰ ਘੇਰਿਆ * ਸੁਖਬੀਰ ਬਾਦਲ ਨੂੰ ਕੇਂਦਰੀ ਕੁਰਸੀ ਛੱਡ ਪੰਜਾਬ ਬਾਰੇ ਸੋਚਣ ਦੀ ਸਲਾਹ ਦਿੱਤੀ * ਬਿਜਲੀ ਮਹਿੰਗੀ ਹੋਣ ਦਾ ਤਰਕ ਦੇ ਕੇ ਬਠਿੰਡਾ ਥਰਮਲ ਦੇ ਸਵਾਲ ਤੋਂ ਟਲੇ * ਮੁੱਖ ਸਕੱਤਰ ਵਿਨੀ ਮਹਾਜਨ ਦੀ ਪਿੱਠ ਥਾਪੜੀ * ਸੂਬੇ ’ਚ ਮੁੜ ਲੌਕਡਾਊਨ ਤੋਂ ਇਨਕਾਰ ਕੀਤਾ

ਚਰਨਜੀਤ ਭੁੱਲਰ
ਚੰਡੀਗੜ੍ਹ, 29 ਜੂਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਬਣੇ ਤਣਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ’ ਵਾਸਤੇ ਚੀਨੀ ਕੰਪਨੀਆਂ ਤੋਂ ਲਏ ਫ਼ੰਡ ਫ਼ੌਰੀ ਵਾਪਸ ਕਰ ਦੇਣੇ ਚਾਹੀਦੇ ਹਨ। ਮੌਜੂਦਾ ਮਾਹੌਲ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਚੀਨੀ ਕੰਪਨੀਆਂ ਨੂੰ ਪਾਈ ਪਾਈ ਮੋੜਨ। ਮੁੱਖ ਮੰਤਰੀ ਨੇ ਫ਼ੰਡ ਦੇਣ ਵਾਲੀਆਂ ਚੀਨੀ ਕੰਪਨੀਆਂ ਦੇ ਵੇਰਵੇ ਵੀ ਦੱਸੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਕਿ ਭਾਰਤੀ ਸਰਹੱਦ ਵਿੱਚ ਕੋਈ ਘੁਸਪੈਠ ਨਹੀਂ ਹੋਈ, ਨੂੰ ਰੱਦ ਕਰਦੇ ਹੋਏ ਕਿਹਾ ਕਿ ਗਲਵਾਨ ਘਾਟੀ ਵਿੱਚ ਚੀਨੀ ਫੌਜ ਦੇ ਦਖ਼ਲ ਕਰਕੇ ਹੀ ਅਜਿਹੇ ਹਾਲਾਤ ਬਣੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਚੀਨ ਸਿਆਚਿਨ ਅਤੇ ਅਕਸਾਈ ਚਿਨ ਵਿਚਲੇ ਖੱਪੇ ਨੂੰ ਭਰਨਾ ਚਾਹੁੰਦਾ ਹੈ। ਹੁਣ ਚੀਨ ਖ਼ਿਲਾਫ਼ ਸਖ਼ਤ ਸਟੈਂਡ ਲੈਣ ਦਾ ਵੇਲਾ ਹੈ। ਮੁੱਖ ਮੰਤਰੀ ਨੇ ਚੀਨ ਮੁੱਦੇ ਸਮੇਤ ਪ੍ਰਸਤਾਵਿਤ ਬਿਜਲੀ ਸੋਧ ਬਿੱਲ, ਖੇਤੀ ਸੁਧਾਰਾਂ ਬਾਰੇ ਕੇਂਦਰੀ ਆਰਡੀਨੈਂਸਾਂ ਲਈ ਵੀ ਕੇਂਦਰ ਸਰਕਾਰ ਨੂੰ ਘੇਰਿਆ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦੇ ਸੁਆਲ ’ਤੇ ਆਖਿਆ ਕਿ ਉਨ੍ਹਾਂ ਸਮਾਰਟ ਫੋਨ ਦੇਣ ਲਈ ਕੰਪਨੀ ਨੂੰ ਆਰਡਰ ਦਿੱਤੇ ਹੋਏ ਹਨ। ਉਹ ਹੁਣ ਚੈੱਕ ਕਰਨਗੇ ਕਿ ਕੀ ਇਹ ਚੀਨੀ ਕੰਪਨੀ ਤਾਂ ਸਪਲਾਈ ਨਹੀਂ ਦੇ ਰਹੀ ਹੈ। ਬਠਿੰਡਾ ਥਰਮਲ ਤੋਂ ਮਹਿੰਗੀ ਬਿਜਲੀ ਪੈਂਦੀ ਹੋਣ ਦਾ ਤਰਕ ਦੇ ਕੇ ਮੁੱਖ ਮੰਤਰੀ ਨੇ ਸੁਆਲ ਖ਼ਤਮ ਕਰ ਦਿੱਤਾ। ਮੁੱਖ ਮੰਤਰੀ ਨੇ ਇਸ ਮੌਕੇ ਨਵੇਂ ਮੁੱਖ ਸਕੱਤਰ ਵਿਨੀ ਮਹਾਜਨ ਦੀ ਪਿੱਠ ਵੀ ਥਾਪੜੀ। ਉਨ੍ਹਾਂ ਕਿਹਾ ਕਿ ਜੇ ਮੀਆਂ-ਬੀਵੀ ਰਾਜ ਦੇ ਦੋਵੇਂ ਪ੍ਰਮੁੱਖ ਅਹੁਦਿਆਂ ’ਤੇ ਹਨ ਤਾਂ ਇਸ ਵਿੱਚ ਕੋਈ ਹਰਜ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਸ ਫ਼ਾਰ ਜਸਟਿਸ ਵਾਲਾ (ਗੁਰਪਤਵੰਤ ਸਿੰਘ) ਪੰਨੂ ਹੁਣ ਪੰਜਾਬ ਵਿਚ ਅਤਿਵਾਦ ਫੈਲਾਉਣ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਦੇਸ਼ ਦਾ ਕੋਈ ਵੀ ਸਿੱਖ ਖ਼ਾਲਿਸਤਾਨ ਦੀ ਥਾਂ ਦੇਸ਼ ਦੀ ਮਜ਼ਬੂਤੀ ਚਾਹੁੰਦਾ ਹੈ। ਉਹ ਖ਼ੁਦ ਵੀ ਖ਼ਾਲਿਸਤਾਨ ਨਹੀਂ ਚਾਹੁੰਦੇ ਹਨ। ਉਨ੍ਹਾਂ ਪੰਨੂ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਵਿਚ ਵੜ ਕੇ ਦਿਖਾਵੇ। ਬਹਿਬਲ ਤੇ ਬਰਗਾੜੀ ਕਾਂਡ ਦੇ ਮਾਮਲੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਹਾਲੇ ਜਾਂਚ ਵਿੱਚ ਦੋਸ਼ੀ ਨਹੀਂ ਠਹਿਰਾਏ ਗਏ ਹਨ ਅਤੇ ਫ਼ਿਲਹਾਲ ਜਾਂਚ ਚੱਲ ਰਹੀ ਹੈ।

ਮੁੱਖ ਮੰਤਰੀ ਨੇ ਕੋਵਿਡ ਨੂੰ ਲੈ ਕੇ ਪੰਜਾਬ ਦੀ ਸਥਿਤੀ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅੱਗੇ ਕੋਈ ਲੌਕਡਾਊਨ ਨਹੀਂ ਲੱਗੇਗਾ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਸਥਿਤੀ ਬਿਹਤਰ ਹੈ। ਉਨ੍ਹਾਂ ਕਿਹਾ ਕਿ ਚਾਰ ਨਵੀਆਂ ਲੈਬਾਂ ਨਾਲ ਕੋਵਿਡ ਟੈਸਟਿੰਗ ਸਮਰੱਥਾ ਜੁਲਾਈ ਦੇ ਅੰਤ ਤੱਕ 20,000 ਪ੍ਰਤੀ ਦਿਨ ਤੱਕ ਵਧਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 554 ਵੈਂਟੀਲੇਟਰਾਂ ਦੀ ਮੌਜੂਦਗੀ ਤੋਂ ਇਲਾਵਾ ਸਿਹਤ ਵਿਭਾਗ ਕੋਲ 5.18 ਲੱਖ ਐੱਨ-95 ਮਾਸਕ, ਤੀਹਰੀ ਪਰਤ ਵਾਲੇ 75.47 ਲੱਖ ਮਾਸਕ, 2.52 ਲੱਖ ਪੀਪੀਈ ਕਿੱਟਾਂ ਅਤੇ 2223 ਆਕਸੀਜਨ ਸਿਲੰਡਰ ਦਾ ਸਟਾਕ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਕਾਰਨ ਸੂਬੇ ਨੂੰ 33,000 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ, ਪਰ 20 ਲੱਖ ਕਰੋੜ ਰੁਪਏ ਦੇ ਕੇਂਦਰੀ ਪੈਕੇਜ ਵਿੱਚੋਂ ਸੂਬੇ ਨੂੰ ਧੇਲਾ ਵੀ ਨਹੀਂ ਦਿੱਤਾ ਗਿਆ। ਸਿਰਫ਼ ਸੂਬੇ ਦੇ ਹਿੱਸੇ ਦਾ 2200 ਕਰੋੜ ਰੁਪਏ ਦਾ ਜੀਐੱਸਟੀ ਮਿਲਿਆ ਹੈ।

ਊਂਜ ਅੱਜ ਪ੍ਰੈੱਸ ਮਿਲਣੀ ਦੌਰਾਨ ਮੁੱਖ ਮੰਤਰੀ ਮਾਫ਼ੀਆ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦੇਣ ਤੋਂ ਟਲਦੇ ਰਹੇ। ਉਹ ਸ਼ਰਾਬ ਤਸਕਰਾਂ ਖ਼ਿਲਾਫ਼ ਕੀਤੀ ਕਾਰਵਾਈ ਦਾ ਵਾਰ ਵਾਰ ਹਵਾਲਾ ਦਿੰਦੇ ਰਹੇ। ਕੇਬਲ ਅਤੇ ਟਰਾਂਸਪੋਰਟ ਮਾਫ਼ੀਏ ਖ਼ਿਲਾਫ਼ ਕੀਤੀ ਕਾਰਵਾਈ ਦੇ ਵੇਰਵੇ ਦੇਣ ਦੀ ਥਾਂ ਅਮਰਿੰਦਰ ਨੇ ਕਿਹਾ ਕਿ ਕੇਬਲ ਤੇ ਟਰਾਂਸਪੋਰਟ ਦੇ ਕਾਰੋਬਾਰ ਵਿਚ ਹੁਣ ਕੋਈ ਵੀ ਆ ਸਕਦਾ ਹੈ।

ਨਵਜੋਤ ਸਿੱਧੂ ਬਾਰੇ ਫ਼ੈਸਲਾ ਹਾਈਕਮਾਨ ਕਰੇਗੀ

ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਵਿੱਚ ਹੈ ਤੇ ਉਸ ਦੀ ਕਿਸੇ ਵੀ ਨਵੀਂ ਭੂਮਿਕਾ ਬਾਰੇ ਫੈਸਲਾ ਕਾਂਗਰਸ ਹਾਈਕਮਾਨ ਹੀ ਕਰੇਗੀ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਲਿਖੀਆਂ ਚਿੱਠੀਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਆਗੂਆਂ ਦੇ ਮਸ਼ਵਰੇ ਦੀ ਲੋੜ ਨਹੀਂ ਹੈ। ਦੋਵਾਂ ਨੂੰ ਰਾਜ ਸਭਾ ਵਿੱਚ ਧਿਆਨ ਦੇਣਾ ਚਾਹੀਦਾ ਹੈ।

ਕੈਬਨਿਟ ’ਚ ਨਹੀਂ ਹੋਵੇਗਾ ਫੇਰਬਦਲ

ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਵਜ਼ਾਰਤ ਵਿੱਚ ਫ਼ਿਲਹਾਲ ਕੋਈ ਫੇਰਬਦਲ ਨਹੀਂ ਹੋਵੇਗਾ। ਸਾਰੇ ਵਜ਼ੀਰ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਬਿਹਤਰ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਫੇਰਬਦਲ ਬਾਬਤ ਅਖ਼ਬਾਰਾਂ ’ਚ ਪ੍ਰਕਾਸ਼ਿਤ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।

‘ਕੇਂਦਰ ਦਾ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਸੰਘੀ ਢਾਂਚੇ ਨੂੰ ਢਾਹ ਲਾਵੇਗਾ’

ਮੁੱਖ ਮੰਤਰੀ ਨੇ ਕਿਹਾ ਕੇਂਦਰ ਦਾ ਤਜਵੀਜ਼ਤ ਬਿਜਲੀ ਸੋਧ ਬਿੱਲ ਸੰਘੀ ਢਾਂਚੇ ਨੂੰ ਢਾਹ ਲਾਏਗਾ ਅਤੇ ਇਹ ਕੇਂਦਰ ਦਾ ਸੂਬਾਈ ਹੱਕਾਂ ਵਿੱਚ ਸਿੱਧਾ ਦਖ਼ਲ ਹੈ। ਕੇਂਦਰ ਇਸ ਨਵੇਂ ਸੋਧ ਬਿਲ ਜ਼ਰੀਏ ਬਿਜਲੀ ਸੈਕਟਰ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੋਧ ਬਿੱਲ ਪਾਸ ਕਰਕੇ ਸੂਬਿਆਂ ਦਾ ਬਿਜਲੀ ਟੈਰਿਫ਼ ਤੈਅ ਕਰਨ ਦਾ ਅਧਿਕਾਰ ਖੋਹਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਸੂਬਿਆਂ ਤੋਂ ਵਿੱਤੀ ਅਧਿਕਾਰ ਖੋਹੇ ਤੇ ਪਾਣੀਆਂ ਦੇ ਮਾਮਲੇ ’ਚ ਸਿੱਧਾ ਦਖ਼ਲ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕੇਂਦਰੀ ਖੇਤੀ ਆਰਡੀਨੈਂਸ ਜਾਰੀ ਕਰਕੇ ਸੂਬਿਆਂ ਦੀ ਖ਼ੁਦਮੁਖ਼ਤਿਆਰੀ ਨੂੰ ਥੋਥਾ ਕਰ ਦਿੱਤਾ ਤੇ ਹੁਣ ਬਿਜਲੀ ਸੈਕਟਰ ਨੂੰ ਵੀ ਆਪਣੇ ਹੱਥ ਵਿਚ ਲੈਣ ਦੇ ਰਾਹ ਪਿਆ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਬਾਦਲ ਭਾਵੇਂ ਹੁਣ ਸੰਘੀ ਢਾਂਚੇ ਦਾ ਚੇਤਾ ਭੁੱਲ ਗਏ ਹਨ, ਪਰ ਪੰਜਾਬ ਸਰਕਾਰ ਸੰਘੀ ਢਾਂਚੇ ’ਤੇ ਪਹਿਰਾ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਕੇਂਦਰੀ ਕੁਰਸੀ ਛੱਡ ਕੇ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All