ਜਗਤਾਰ ਅਣਜਾਣ
ਮੌੜ ਮੰਡੀ, 17 ਜਨਵਰੀ
ਕਾਂਗਰਸ ਵੱਲੋਂ ਮੌੜ ਵਿਧਾਨ ਸਭਾ ਹਲਕੇ ਤੋਂ ਮਨੋਜ ਬਾਲਾ ਉਰਫ਼ ਮੰਜੂ ਬਾਂਸਲ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਅੱਜ ‘ਆਪ’ ਤੋਂ ਬਾਗ਼ੀ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਬਾਂਸਲ ਪਰਿਵਾਰ ਦੇ ਵਿਰੋਧ ਵਿੱਚ ਆਪਣੇ ਘਰ ਪੰਚਾਂ, ਸਰਪੰਚਾਂ ਤੇ ਕਾਂਗਰਸੀ ਵਰਕਰਾਂ ਦਾ ਭਰਵਾਂ ਇਕੱਠ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਚਾਹੀਦਾ ਹੈ ਕਿ ਹਲਕਾ ਮੌੜ ਦੀ ਟਿਕਟ ’ਤੇ ਦੁਬਾਰਾ ਵਿਚਾਰ ਕਰੇ ਕਿਉਂਕਿ ਜਿਸ ਉਮੀਦਵਾਰ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ, ਉਸ ਪਰਿਵਾਰ ਪ੍ਰਤੀ ਹਲਕਾ ਵਾਸੀਆਂ ਨੂੰ ਵਧੇਰੇ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈ ਕਮਾਂਡ ਨੇ ਟਿਕਟ ਨਾ ਬਦਲੀ ਤਾਂ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਇਸ ਮੌਕੇ ਮਹਿਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਜੌਹਰ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਹਲਕਾ ਮੌੜ ਤੋਂ ਐਲਾਨੇ ਉਮੀਦਵਾਰ ਲਈ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਦੁਬਾਰਾ ਗੌਰ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਵਰਕਰਾਂ ’ਚ ਬਾਂਸਲ ਪਰਿਵਾਰ ਪ੍ਰਤੀ ਰੋਸ ਹੈ ਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ 2012 ਦੀਆਂ ਚੋਣਾਂ ਤੋਂ ਬਾਅਦ ਉਹ ਵਰਕਰਾਂ ਤੇ ਹਲਕਾ ਮੌੜ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਇਸ ਮੌਕੇ ਮੱਘਰ ਸਿੰਘ ਡਿੱਖ, ਕਸ਼ਮੀਰ ਸਿੰਘ ਸਰਪੰਚ ਅਤੇ ਗੁਰਵਿੰਦਰ ਸਿੰਘ ਸਰਪੰਚ ਨੇ ਕਿਹਾ ਕਿ ਉਹ ਚੋਣਾਂ ’ਚ ਬਾਂਸਲ ਪਰਿਵਾਰ ਦਾ ਸਾਥ ਨਹੀਂ ਦੇਣਗੇ। ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਉਹ ਹਲਕਾ ਮੌੜ ਦੀ ਟਿਕਟ ਬਦਲ ਕੇ ਕਿਸੇ ਹੋਰ ਵਿਅਕਤੀ ਨੂੰ ਦੇਣ।