ਟਿਕਰੀ ਧਰਨੇ ’ਚ ਮਿਸਤਰੀ ਦਾ ਸਾਥੀ ਜਿਊਂਦਾ ਸੜਿਆ

ਟਿਕਰੀ ਧਰਨੇ ’ਚ ਮਿਸਤਰੀ ਦਾ ਸਾਥੀ ਜਿਊਂਦਾ ਸੜਿਆ

ਹਾਦਸੇ ਦੌਰਾਨ ਸੜ ਕੇ ਸੁਆਹ ਹੋਈ ਕਾਰ।

ਜੋਗਿੰਦਰ ਸਿੰਘ ਮਾਨ/ਟ੍ਰਿਬਿਊਨ ਨਿਊਜ਼ ਸਰਵਿਸ

ਮਾਨਸਾ/ਚੰਡੀਗੜ੍ਹ, 29 ਨਵੰਬਰ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦਾ ਕਾਰਕੁਨ, ਜੋ ਕਿ ਮਿਸਤਰੀ ਦਾ ਸਾਥੀ ਅਤੇ ‘ਦਿੱਲੀ ਚੱਲੋ’ ਮਾਰਚ ਵਿੱਚ ਸ਼ਾਮਲ ਸੀ, ਦੀ ਸ਼ਨਿਚਰਵਾਰ ਰਾਤ ਬਹਾਦਰਗੜ੍ਹ-ਦਿੱਲੀ ਹੱਦ ਨੇੜੇ ਟਿਕਰੀ ਵਿਖੇ ਜਿਊਂਦਾ ਸੜਨ ਕਾਰਨ ਮੌਤ ਹੋ ਗਈ। ਘਟਨਾ ਸਮੇਂ ਉਹ ਕਾਰ ਵਿੱਚ ਸੁੱਤਾ ਹੋਇਆ, ਜਿਸ ਨੂੰ ਅਚਾਨਕ ਅੱਗ ਲੱਗਣ ਕਾਰਨ ਉਹ ਸੜ ਗਿਆ। ਮ੍ਰਿਤਕ ਦੀ ਪਛਾਣ ਜਨਕ ਰਾਜ ਵਾਸੀ ਧਨੌਲਾ ਵਜੋਂ ਹੋਈ, ਜੋ ਸਾਈਕਲਾਂ ਦੇ ਟਾਇਰਾਂ ਨੂੰ ਪੰਕਚਰ ਲਾਉਣ ਦਾ ਕੰਮ ਕਰਦਾ ਸੀ। ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਮੁਫ਼ਤ ਮੁਰੰਮਤ ਕਰਨ ਵਾਲੇ ਮਕੈਨਿਕ ਦਾ ਸਾਥੀ ਸੀ। ਘਟਨਾ ਦੀ ਸੂਚਨਾ ਮਿਲਣ ਮਗਰੋਂ ਜਨਕ ਰਾਜ ਦਾ ਪਰਿਵਾਰ ਸਦਮੇ ਵਿੱਚ ਹੈ। ਇਸੇ ਦੌਰਾਨ ਜਥੇਬੰਦੀ ਨੇ ਮ੍ਰਿਤਕ ਦੇੇੇੇ ਪਰਿਵਾਰ ਨੂੰ ਲਈ ਮੁਆਵਜ਼ਾ ਤੇ ਨੌਕਰੀ ਦੀ ਮੰਗ ਕੀਤੀ ਹੈ।

ਮ੍ਰਿਤਕ ਜਨਕ ਰਾਜ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਨਕ ਰਾਜ ਆਪਣੇ ਇੱਕ ਸਾਥੀ ਗੁਰਜੰਟ ਸਿੰਘ ਮਿਸਤਰੀ ਨਾਲ ਆਇਆ ਸੀ, ਜੋ ਸੰਘਰਸ਼ੀ ਕਿਸਾਨਾਂ ਦੀ ਮੁਫ਼ਤ ਟਰੈਕਟਰ ਠੀਕ ਕਰਨ ਦੀ ਸੇਵਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਜਨਕ ਰਾਜ ਮਿਸਤਰੀ ਦੀ ਸਵਿਫ਼ਟ ਕਾਰ ਵਿੱਚ ਜਾ ਕੇ ਸੌਂ ਗਿਆ ਅਤੇ ਅੱਧੀ ਰਾਤ ਮਗਰੋਂ ਤਾਰਾਂ ਦੀ ਸਪਾਰਕਿੰਗ ਕਾਰਨ ਕਾਰ ਨੂੰ ਅੱਗ ਲੱਗਣ ਕਾਰਨ ਸੜ ਕੇ ਉਸ ਦੀ ਮੌਤ ਹੋ ਗਈ। ਕਿਸਾਨ ਆਗੂ ਨੇ ਦੱਸਿਆ ਕਿ ਇਹ ਘਟਨਾ ਦਿੱਲੀ ਨੇੜੇ ਬਹਾਦਰਗੜ੍ਹ ਤੋਂ ਇੱਕ ਕਿਲੋਮੀਟਰ ਪਿੱਛੇ ਹਰਿਆਣਾ ਵਾਲੇ ਪਾਸੇ ਵਾਪਰੀ। ਉਨ੍ਹਾਂ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਜਨਕ ਰਾਜ ਦੇ ਪਰਿਵਾਰ ਦੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਨਕ ਰਾਜ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਪਰਿਵਾਰ ਵਿੱਚ ਉਸ ਦੀ ਪਤਨੀ ਤੋਂ ਇਲਾਵਾ ਇੱਕ ਧੀ ਅਤੇ ਇੱਕ ਪੁੱਤਰ ਹੈ।

ਇਸੇ ਦੌਰਾਨ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਦੇਰ ਸ਼ਾਮ ਵੱਖਰੇ ਤੌਰ ’ਤੇ ਦੱਸਿਆ ਕਿ ਜਨਕ ਰਾਜ ਦੀ ਦੇਹ ਬਹਾਦਰਗੜ੍ਹ ਦੇ ਐੱਸਡੀਐੱਮ ਦੇ ਹੁਕਮਾਂ ’ਤੇ ਸਿਵਲ ਹਸਪਤਾਲ, ਬਹਾਦਰਗੜ੍ਹ ਵਿੱਚ ਰਖਵਾਈ ਗਈ ਹੈ ਅਤੇ ਜਥੇਬੰਦੀ ਦੀ ਕੇਂਦਰੀ ਟੀਮ ਨੇ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਦਾ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਰਕਾਰੀ/ਪ੍ਰਾਈਵੇਟ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।

ਜਨਕ ਰਾਜ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਦੇ ਰਿਹਾ ਸੀ ਕਿਸਾਨਾਂ ਦਾ ਸਾਥ

ਚੰਡੀਗੜ੍ਹ (ਟਨਸ): ਮ੍ਰਿਤਕ ਜਨਕ ਰਾਜ ਦੇ ਪੁੱਤਰ ਸਾਹਿਲ ਗਰਗ ਨੇ ਦੱਸਿਆ, ‘ਭਾਵੇਂ ਸਾਡੇ ਪਰਿਵਾਰ ਕੋਲ ਜ਼ਮੀਨ ਨਹੀਂ ਹੈ, ਪਰ ਮੇਰੇ ਪਿਤਾ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੀ ਕਿਸਾਨਾਂ ਦੀ ਮਦਦ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹ ਟੌਲ ਪਲਾਜ਼ਾ ’ਤੇ ਧਰਨੇ ਦੌਰਾਨ ਸੇਵਾ ਕਰਦੇ ਰਹੇ। ਦੋ ਦਿਨ ਪਹਿਲਾਂ ਹੀ ਉਹ ਕਿਸਾਨਾਂ ਦੇ ਵਾਹਨਾਂ ਦੀ ਮੁਫ਼ਤ ਮੁਰੰਮਤ ਲਈ ਨਵੀਂ ਦਿੱਲੀ ਗਏ ਸਨ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All